ਪਟਿਆਲਾ | ਥਾਣਾ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਘੰਗਰੌਲੀ ਵਿਖੇ 25 ਦਸੰਬਰ ਨੂੰ ਸ਼ਾਮ 7:15 ਵਜੇ ਅਣਪਛਾਤੇ ਵਿਅਕਤੀਆਂ ਨੇ ਬਾਈਕ ਸਵਾਰ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਪਰਮਜੀਤ ਸਿੰਘ ਘੰਗਰੌਲੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਗੁਰਜੀਤ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਪੁਲਿਸ ਨੇ ਉਸ ਦੀ ਪਤਨੀ ਚਰਨਜੀਤ ਕੌਰ, ਉਸ ਦੇ ਦਿਓਰ ਰੇਸ਼ਮ ਸਿੰਘ ਧਰਮਗੜ੍ਹ ਤੇ ਆਰੋਪੀ ਦੇ ਦੋਸਤ ਜਗਤਾਰ ਸਿੰਘ ਤਾਰੀ ਧਰਮਗੜ੍ਹ ਨੂੰ 2 ਦੇਸੀ ਪਿਸਤੌਲ ਤੇ ਕਾਰਤੂਸ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਇਰਾਦਾ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਐੱਸਪੀ-ਡੀ ਡਾ. ਮਹਿਤਾਬ ਸਿੰਘ, ਡੀਐੱਸਪੀ ਡਿਟੈਕਟਿਵ ਅਜੈਪਾਲ ਸਿੰਘ, ਡੀਐੱਸਪੀ ਸਮਾਣਾ ਦਲਬੀਰ ਸਿੰਘ ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਜਾਂਚ ਸ਼ੁਰੂ ਕੀਤੀ।

ਪੀੜਤ ਗੁਰਜੀਤ ਸਿੰਘ ਉਰਫ਼ ਜੀਤਾ ਦੀ ਪਤਨੀ ਚਰਨਜੀਤ ਕੌਰ ਦੂਰ ਦੀ ਰਿਸ਼ਤੇਦਾਰੀ ਵਿੱਚ ਲੱਗਣ ਵਾਲੇ ਦਿਓਰ ਦੇ ਸੰਪਰਕ ਵਿੱਚ ਆਈ ਸੀ, ਜਿਸ ਦੀ ਜਾਣਕਾਰੀ ਗੁਰਜੀਤ ਨੂੰ ਮਿਲ ਗਈ। ਉਸ ਤੋਂ ਬਾਅਦ ਜੀਤਾ ਤੇ ਰੇਸ਼ਮ ਦੀ ਰੰਜਿਸ਼ ਰਹਿਣ ਲੱਗੀ। ਪੀੜਤ ਘਰ ‘ਚ ਆਪਣੀ ਪਤਨੀ ਨਾਲ ਝਗੜਾ ਕਰਨ ਲੱਗਾ।

ਆਰੋਪੀਆਂ ਨੇ ਸਾਜ਼ਿਸ਼ ਤਹਿਤ ਉਸ ਨੂੰ ਹਟਾਉਣ ਦੀ ਯੋਜਨਾ ਬਣਾਈ। 25 ਨੂੰ ਰੇਸ਼ਮ ਨੇ ਆਪਣੇ ਪਿੰਡ ਦੇ ਦੋਸਤ ਜਗਤਾਰ ਸਿੰਘ ਉਰਫ ਤਾਰੀ ਧਰਮਗੜ੍ਹ ਨਾਲ ਮਿਲ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਗੁਰਜੀਤ ‘ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਆਰੋਪੀ ਮੌਕੇ ਤੋਂ ਫਰਾਰ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ 26 ਸਾਲਾ ਆਰੋਪੀ ਰੇਸ਼ਮ ਸਿੰਘ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਤੇ ਤੂੜੀ ਬਣਾਉਣ ਵਾਲਾ ਰੀਪਰ ਚਲਾਉਂਦਾ ਹੈ। ਜਗਤਾਰ ਸਿੰਘ ਦਿਹਾੜੀ ਕਰਦਾ ਹੈ। ਚਰਨਜੀਤ ਕੌਰ ਘਰੇਲੂ ਕੰਮ ਕਰਦੀ ਹੈ।

ਇਹ ਹੋਇਆ ਆਰੋਪੀਆਂ ਕੋਲੋਂ ਬਰਾਮਦ

ਐੱਸਐੱਸਪੀ ਨੇ ਦੱਸਿਆ ਕਿ ਸੀਆਈਏ ਸਟਾਫ਼ ਪੁਲਿਸ ਨੂੰ ਜਾਂਚ ਦੌਰਾਨ ਅਹਿਮ ਸਬੂਤ ਮਿਲੇ ਹਨ। ਉਨ੍ਹਾਂ ਰੇਸ਼ਮ ਸਿੰਘ, ਜਗਤਾਰ ਸਿੰਘ ਤਾਰੀ ਨੂੰ ਪਿੰਡ ਕੁਲਾਰਾ ਸੂਏ ਨੇੜਿਓਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ। ਚਰਨਜੀਤ ਕੌਰ ਨੂੰ ਘੰਗਰੌਲੀ ਤੋਂ ਗ੍ਰਿਫਤਾਰ ਕੀਤਾ ਗਿਆ।

ਰੇਸ਼ਮ ਕੋਲੋਂ 12 ਬੋਰ ਦੇਸੀ ਕੱਟਾ, 3 ਰੌਂਦ ਤੇ ਇਕ ਖੋਲ 12 ਬੋਰ ਬਰਾਮਦ ਹੋਇਆ। ਜਗਤਾਰ ਕੋਲੋਂ 315 ਬੋਰ ਦੇਸੀ ਕੱਟਾ, 1 ਧਾਗਾ 315 ਬੋਰ ਬਰਾਮਦ ਹੋਇਆ।

ਐੱਸਐੱਸਪੀ ਨੇ ਦੱਸਿਆ ਕਿ ਦੇਸੀ ਕੱਟੇ ਨੂੰ ਰੇਸ਼ਮ ਸਿੰਘ ਯੂਪੀ ਤੋਂ ਲਿਆਇਆ ਸੀ। ਉਹ ਤੂੜੀ ਬਣਾਉਣ ਵਾਲੇ ਰੀਪਰ ਨੂੰ ਲੈ ਕੇ ਯੂ.ਪੀ. ਜਾਂਦਾ ਸੀ। ਡੀਐੱਮਸੀ ਲੁਧਿਆਣਾ ਵਿੱਚ ਦਾਖ਼ਲ ਹੋਏ ਗੁਰਜੀਤ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਆਪਣੀ ਡਿਊਟੀ ਖ਼ਤਮ ਕਰਕੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਜਾ ਰਿਹਾ ਸੀ।

ਰਸਤੇ ਵਿੱਚ ਉਸ ਦਾ ਭਰਾ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਉਹ ਹਸਪਤਾਲ ਲੈ ਗਏ। ਉਨ੍ਹਾਂ ਦੱਸਿਆ ਕਿ ਭਰਾ ਦੇ ਪੇਟ ‘ਚ ਗੋਲੀ ਲੱਗਣ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚਿਆ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਆਰੋਪੀ ਰੇਸ਼ਮ ਦੂਰ ਦੀ ਰਿਸ਼ਤੇਦਾਰੀ ਵਿੱਚ ਭਰਾ ਲੱਗਦਾ ਹੈ ਤੇ ਉਸ ਨੇ ਗੁਰਜੀਤ ਤੋਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਿਆ ਸੀ, ਉਸ ਨੇ ਉਨ੍ਹਾਂ ਦਾ ਘਰ ਬਰਬਾਦ ਕਰ ਦਿੱਤਾ ਹੈ।