ਲੁਧਿਆਣਾ | ਇਥੋਂ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਰੋਜ਼ ਵਿਵਾਦਾਂ ਵਿਚ ਰਹਿੰਦੀ ਹੈ। ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਕੁਝ ਲੋਕ ਇਕ ਔਰਤ ਨਾਲ ਆਏ ਨੌਜਵਾਨ ਮਰੀਜ਼ ਦੀ ਕੁੱਟਮਾਰ ਕਰ ਰਹੇ ਹਨ। ਔਰਤ ਨੇ ਦੋਸ਼ ਲਾਏ ਕਿ ਕੁੱਟਮਾਰ ਕਰਨ ਵਾਲੇ ਪਾਰਕਿੰਗ ਠੇਕੇਦਾਰ ਨਾਲ ਕੰਮ ਕਰਨ ਵਾਲੇ ਲੋਕ ਹਨ।
ਜਦੋਂ ਉਹ ਡਾਇਲਸਿਸ ਕਰਵਾ ਕੇ ਵਾਪਸ ਆਉਣ ਲੱਗਾ ਤਾਂ ਪਾਰਕਿੰਗ ਠੇਕੇਦਾਰ ਦੇ ਮੁਲਾਜ਼ਮਾਂ ਨੇ ਉਸ ਨੂੰ ਰੋਕ ਕੇ ਪਰਚੀ ਮੰਗੀ। ਮਨਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਸਾਈਕਲ ਲੈ ਕੇ ਆਇਆ ਸੀ ਤਾਂ ਕੋਈ ਬੰਦਾ ਤੁਹਾਡਾ ਮੌਜੂਦ ਨਹੀਂ ਸੀ, ਜਿਸ ਕਾਰਨ ਉਸ ਕੋਲ ਪਰਚੀ ਨਹੀਂ ਸੀ।
ਉਸ ਨੇ ਕਿਹਾ ਕਿ ਪਾਰਕਿੰਗ ਮੁਲਾਜ਼ਮਾਂ ਨੇ ਸਿਰਫ 20 ਰੁਪਏ ਲਈ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਨਾਂ ਮਨਪ੍ਰੀਤ ਸਿੰਘ ਹੈ। ਉਹ ਆਪਣੀ ਮਾਤਾ ਜਿੰਦਰ ਕੌਰ ਵਾਸੀ ਸ਼ਿਮਲਾਪੁਰੀ ਨਾਲ ਡਾਇਲਸਿਸ ਲਈ ਹਸਪਤਾਲ ਆਉਂਦਾ ਰਹਿੰਦਾ ਹੈ। ਜਦੋਂ ਉਹ ਹਸਪਤਾਲ ਆਇਆ ਤਾਂ ਪਾਰਕਿੰਗ ਠੇਕੇਦਾਰ ਦਾ ਕੋਈ ਬੰਦਾ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਉਹ ਆਪਣਾ ਸਾਈਕਲ ਅੱਗੇ ਲੈ ਗਿਆ।
ਮੁਲਾਜ਼ਮਾਂ ਨੇ ਪਰਚੀ ਨਾ ਹੋਣ ਕਾਰਨ ਬਣਦੀ ਫੀਸ ਲੈ ਲਈ। ਮਨਪ੍ਰੀਤ ਦੀ ਮਾਂ ਅਨੁਸਾਰ ਪਰਚੀ ਨਾ ਮਿਲਣ ‘ਤੇ ਜੁਰਮਾਨੇ ਵਜੋਂ 150 ਰੁਪਏ ਵੱਖਰੇ ਤੌਰ ‘ਤੇ ਦੇਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਮਨਪ੍ਰੀਤ ਅਤੇ ਪਾਰਕਿੰਗ ਠੇਕੇਦਾਰ ਦੇ ਕਰਮਚਾਰੀਆਂ ਵਿਚਾਲੇ ਬਹਿਸ ਹੋਈ, ਜੋ ਲੜਾਈ ਤੱਕ ਪਹੁੰਚ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਥਾਣਾ ਡਵੀਜ਼ਨ ਨੰਬਰ 2 ਦੀ SHO ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨਕੁਆਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਮਲਾ ਕਰਨ ਵਾਲੇ ਪਾਰਕਿੰਗ ਠੇਕੇਦਾਰ ਦੇ ਲੋਕ ਹਨ ਜਾਂ ਕੋਈ ਹੋਰ। ਦੋਵਾਂ ਧਿਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।