ਗੁਰਪ੍ਰੀਤ ਡੈਨੀ | ਜਲੰਧਰ
ਪੰਜਾਬੀ ਸਾਹਿਤ ਦੇ ਵੱਡੇ ਐਵਾਰਡ ਢਾਹਾਂ ਦੇ 2019 ਦੇ ਜੇਤੂਆਂ ਦਾ ਐਲਾਨ ਹੋ ਗਿਆ ਹੈ। ਪਹਿਲਾ ਐਵਾਰਡ ਕਹਾਣੀਕਾਰ ਕੇਸਰਾ ਰਾਮ ਨੂੰ ਅਤੇ ਦੂਜਾ-A ਦੂਜਾ-B ਐਵਾਰਡ ਲਈ ਹਰਕੀਰਤ ਕੌਰ ਚਹਿਲ ਅਤੇ ਜ਼ੁਬੇਰ ਅਹਿਮਦ ਨੂੰ ਚੁਣਿਆ ਗਿਆ ਹੈ।
ਕੇਸਰਾ ਰਾਮ ਦੇ ਕਹਾਣੀ ਸੰਗ੍ਰਹਿ ਜਨਾਨੀ ਪੌਦ, ਹਰਕੀਰਤ ਕੌਰ ਚਹਿਲ ਦੇ ਨਾਵਲ ਆਦਮ ਗ੍ਰਹਿਣ ਤੇ ਸ਼ਾਹਮੁੱਖੀ ਦੇ ਲੇਖਕ ਜ਼ੁਬੇਰ ਅਹਿਮਦ ਦੇ ਕਹਾਣੀ ਸੰਗ੍ਰਹਿ ਪਾਣੀ ਦੀ ਕੰਧ ਨੂੰ ਐਵਾਰਡ ਮਿਲਣਗੇ। ਇਹ ਇਨਾਮ ਗੁਰਮੁੱਖੀ ਤੇ ਸ਼ਾਹਮੁੱਖੀ ਦੀਆਂ 2019 ਵਿਚ ਛਪੀਆਂ 40 ਕਿਤਾਬਾਂ ਵਿਚੋਂ ਚੁਣਿਆ ਗਿਆ ਹੈ।
ਢਾਹਾਂ ਐਵਾਰਡ ਕੈਨੇਡਾ ਵਿਚ ਰਹਿੰਦੇ ਬ੍ਰਜ ਸਿੰਘ ਢਾਹਾਂ ਤੇ ਉਹਨਾਂ ਦੇ ਪਰਿਵਾਰ ਵਲੋਂ ਪੰਜਾਬੀ ਤੇ ਸ਼ਾਹਮੁੱਖੀ ਦੀਆਂ ਸ਼ਾਹਕਾਰ ਰਚਨਾਵਾਂ ਨੂੰ ਦਿੱਤਾ ਜਾਂਦਾ ਹੈ। ਪਹਿਲਾਂ ਇਨਾਮ 25 ਹਜ਼ਾਰ ਡਾਲਰ ਤੇ ਦੂਸਰੇ ਦੋ ਇਨਾਮਾਂ ਲਈ 10-10 ਹਜ਼ਾਰ ਡਾਲਰ ਦਿੱਤੇ ਜਾਂਦੇ ਹਨ।
ਕੇਸਰਾ ਰਾਮ ਸਿਰਸਾ ਦੇ ਰਹਿਣ ਵਾਲੇ ਹਨ। ਉਹਨਾਂ ਦੀ ਕਿਤਾਬ ਜਨਾਨੀ ਪੌਦ ਛੋਟੀਆਂ ਕਹਾਣੀਆਂ ਦੀ ਕਿਤਾਬ ਹੈ। ਇਸ ਕਿਤਾਬ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦੇ ਇਨਾਮ ਮਿਲੇਗਾ।
ਹਰਕੀਰਤ ਕੌਰ ਚਹਿਲ ਬ੍ਰਿਟਿਸ਼ ਕੋਲੰਬੀਆਂ ਵਿਚ ਰਹਿੰਦੇ ਹਨ। ਉਹਨਾਂ ਦਾ ਨਾਵਲ ਆਦਮ-ਗ੍ਰਹਿਣ ਥਰਡ ਜੈਂਡਰਾਂ ਦੀ ਜਿੰਦਗੀ ਤੇ ਆਧਾਰਿਤ ਹੈ। ਇਸ ਕਿਤਾਬ ਨੂੰ ਦੂਜਾ-A 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਹੋਇਆ ਹੈ।
ਤੀਜਾ ਨਾਮ ਪਾਕਿਸਤਾਨ (ਲਾਹੌਰ) ਰਹਿੰਦੇ ਸ਼ਾਹਮੁੱਖੀ ਦੇ ਲੇਖਕ ਜ਼ੁਬੇਰ ਅਹਿਮਦ ਦੇ ਕਹਾਣੀ ਸੰਗ੍ਰਹਿ ਪਾਣੀ ਦੀ ਕੰਧ ਨੂੰ ਦੂਜਾ-B 10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ।