ਗਣੇਸ਼ ਨਗਰ ਪਾਰਕ ਦਾ ਉਦਘਾਟਨ, ਢਿਲਵਾਂ ਸ਼ਿਵ ਪੁਰੀ ਵਿੱਚ ਸ਼ੈਡ ਅਤੇ ਲਾਡੋਵਾਲੀ ਰੋਡ ’ਤੇ ਸੜਕਾਂ ਦੇ ਕੰਮ ਸ਼ੁਰੂ

ਜਲੰਧਰ ਸੈਂਟਰਲ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦੇਣ ਦੇ ਉਦੇਸ਼ ਨਾਲ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਪ੍ਰੋਜੈਕਟਾਂ ਨਾਲ ਇਲਾਕਾ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਹੋਣਗੀਆਂ।

ਇਸ ਤਹਿਤ ਵਾਰਡ ਨੰਬਰ 11 ਦੇ ਗਣੇਸ਼ ਨਗਰ ਵਿੱਚ ਲਗਭਗ 30.34 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਪਾਰਕ ਦਾ ਉਦਘਾਟਨ ਨਿਤਿਨ ਕੋਹਲੀ ਵੱਲੋਂ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਵਿੱਕੀ ਤੁਲਸੀ, ਅਮਰਦੀਪ ਸਿੰਘ ਕਿੰਨੂੰ ਅਤੇ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ। ਇਲਾਕਾ ਵਾਸੀਆਂ ਨੇ ਪਾਰਕ ਦੇ ਨਿਰਮਾਣ ’ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੈਰ ਅਤੇ ਮਨੋਰੰਜਨ ਲਈ ਵਧੀਆ ਥਾਂ ਮਿਲੇਗੀ।

ਇਸ ਦੇ ਨਾਲ ਹੀ ਵਾਰਡ ਨੰਬਰ 11 ਦੇ ਢਿਲਵਾਂ ਸ਼ਿਵ ਪੁਰੀ ਇਲਾਕੇ ਵਿੱਚ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਸ਼ੈਡ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਮਾਜਿਕ ਅਤੇ ਜਨਹਿਤ ਸਮਾਗਮਾਂ ਲਈ ਬਿਹਤਰ ਸਹੂਲਤ ਪ੍ਰਾਪਤ ਹੋਵੇਗੀ।

ਇਸ ਤੋਂ ਇਲਾਵਾ ਵਾਰਡ ਨੰਬਰ 19 ਵਿੱਚ ਲਾਡੋਵਾਲੀ ਰੋਡ ’ਤੇ ਕਰੀਬ 25.22 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵਾਰਡ ਇੰਚਾਰਜ ਡਾ. ਰਾਜੇਸ਼ ਬੱਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਮ ਮੂਰਤੀ ਅਤੇ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ।

ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਦੇ ਹਰ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ, ਪਾਰਕਾਂ, ਨਿਕਾਸੀ ਪ੍ਰਬੰਧ ਅਤੇ ਹੋਰ ਜਨਹਿਤ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਜ਼ਨ ਜਲੰਧਰ ਸੈਂਟਰਲ ਨੂੰ ਇੱਕ ਸੁਚੱਜਾ, ਸੁੰਦਰ ਅਤੇ ਆਧੁਨਿਕ ਹਲਕਾ ਬਣਾਉਣਾ ਹੈ ਜਿੱਥੇ ਹਰ ਮੋਹੱਲੇ ਵਿੱਚ ਬੁਨਿਆਦੀ ਸਹੂਲਤਾਂ ਮਜ਼ਬੂਤ ਹੋਣ ਅਤੇ ਲੋਕਾਂ ਨੂੰ ਵਿਕਾਸ ਦੇ ਲਾਭ ਸਿੱਧੇ ਤੌਰ ’ਤੇ ਮਿਲਣ।

ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਲੰਧਰ ਸੈਂਟਰਲ ਵਿੱਚ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰਹਿਣਗੇ ਅਤੇ ਹਰ ਇਲਾਕੇ ਨੂੰ ਤਰੱਕੀ ਦੀ ਰਾਹ ’ਤੇ ਅੱਗੇ ਲਿਆਂਦਾ ਜਾਵੇਗਾ।