ਜਲੰਧਰ/ਲੁਧਿਆਣਾ/ਅੰਮ੍ਰਿਸਤਰ/ਚੰਡੀਗੜ੍ਹ | ਪੰਜਾਬ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਇੱਕ ਦਿਨ ਵਿੱਚ ਡੇਂਗੂ ਦੇ 254 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ 47 ਮਾਮਲੇ ਮੋਹਾਲੀ ਤੋਂ ਆਏ ਹਨ। ਜਿੱਥੋਂ ਹੁਣ ਤੱਕ 10563 ਸੈਂਪਲ ਲਏ ਜਾ ਚੁੱਕੇ ਹਨ। ਇਸ ਦੌਰਾਨ 1202 ਕੇਸ ਆਏ ਹਨ। ਸੂਬੇ ਵਿੱਚ ਡੇਂਗੂ ਦੇ ਕੁੱਲ ਮਰੀਜ਼ਾਂ ਦੀ ਗਿਣਤੀ 5885 ਤੱਕ ਪਹੁੰਚ ਗਈ ਹੈ। ਸਭ ਤੋਂ ਘੱਟ ਮਰੀਜ਼ ਤਰਨਤਾਰਨ ਦੇ ਹਨ।

ਜਿੱਥੋਂ ਸਿਰਫ 25 ਮਾਮਲੇ ਸਾਹਮਣੇ ਆਏ ਹਨ, ਜਦਕਿ ਪਿਛਲੇ ਸਾਲ ਇਹ ਅੰਕੜਾ ਇਸ ਤੋਂ ਕਿਤੇ ਵੱਧ ਸੀ। ਸਿਹਤ ਵਿਭਾਗ ਨੇ ਸੂਬੇ ਵਿੱਚ ਸੈਂਪਲਿੰਗ ਵਧਾ ਦਿੱਤੀ ਹੈ। 1 ਨਵੰਬਰ ਨੂੰ 759 ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 254 ਡੇਂਗੂ ਪਾਜ਼ੇਟਿਵ ਪਾਏ ਗਏ ਹਨ। ਹੁਣ ਤੱਕ ਕੁੱਲ 40638 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 5885 ਡੇਂਗੂ ਪਾਜ਼ੇਟਿਵ ਆਏ ਹਨ। ਹੁਣ ਤੱਕ 5 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਵਿਭਾਗ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।