ਲੁਧਿਆਣਾ, 9 ਨਵੰਬਰ | ਇਥੇ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਡੇਂਗੂ ਦੇ ਡੰਗ ਕਾਰਨ ਲੋਕ ਦਿਨ-ਬ-ਦਿਨ ਬਿਮਾਰ ਹੋ ਰਹੇ ਹਨ ਕਿਉਂਕਿ ਨਵੰਬਰ ਮਹੀਨੇ ‘ਚ ਠੰਡ ਨਾ ਹੋਣ ਕਾਰਨ ਡੇਂਗੂ ਫੈਲਾਉਣ ਵਾਲੇ ਏਡੀਜ਼ ਇਜੀਪਟ ਮੱਛਰ ਦਾ ਡੰਗ ਵਧ ਗਿਆ ਹੈ। ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 300 ਨੂੰ ਪਾਰ ਕਰ ਚੁੱਕੀ ਹੈ। ਇਕੱਲੇ ਅਕਤੂਬਰ ਮਹੀਨੇ ਵਿੱਚ 176 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਸਿਹਤ ਮਾਹਿਰਾਂ ਅਨੁਸਾਰ ਜ਼ਿਲੇ ਵਿਚ ਅਕਤੂਬਰ ਅਤੇ ਨਵੰਬਰ ਮਹੀਨੇ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਮੌਸਮ ਡੇਂਗੂ ਦੇ ਮੱਛਰਾਂ ਲਈ ਅਨੁਕੂਲ ਹੈ। ਦਸੰਬਰ ਵਿਚ ਜਦੋਂ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਅਤੇ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਤਾਂ ਡੇਂਗੂ ਦਾ ਡੰਗ ਘੱਟ ਜਾਵੇਗਾ। ਅਜਿਹੇ ਵਿਚ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਹਾਲਾਂਕਿ ਪਿਛਲੇ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 750 ਤੋਂ ਵੱਧ ਹੋ ਗਈ ਸੀ। ਜ਼ਿਲਾ ਐਪੀਡੀਮੋਲੋਜਿਸਟ ਡਾ. ਸ਼ੀਤਲ ਅਨੁਸਾਰ ਦਸੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਮਰੀਜ਼ਾਂ ਦੀ ਗਿਣਤੀ ਘੱਟ ਸਕਦੀ ਹੈ। ਮਾਹਿਰ ਡਾਕਟਰਾਂ ਅਨੁਸਾਰ ਡੇਂਗੂ ਦਾ ਮੱਛਰ ਸਵੇਰੇ ਅਤੇ ਸ਼ਾਮ ਸਮੇਂ ਕੱਟਦਾ ਹੈ। ਇਸ ਲਈ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਸਾਰਾ ਸਰੀਰ ਢੱਕਿਆ ਰਹੇ।

ਮਾਹਿਰਾਂ ਅਨੁਸਾਰ ਅਕਤੂਬਰ ਤੇ ਨਵੰਬਰ ਦੇ ਮਹੀਨਿਆਂ ਵਿਚ ਡੇਂਗੂ ਦੇ ਜ਼ਿਆਦਾ ਮਰੀਜ਼ ਪਾਏ ਜਾਂਦੇ ਹਨ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਅਜੇ ਵੀ ਘੱਟ ਹੈ। ਡੇਂਗੂ ਦਾ ਪ੍ਰਕੋਪ ਨਵੰਬਰ ਤੱਕ ਰਹਿੰਦਾ ਹੈ। ਅਜਿਹੇ ‘ਚ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਹੁਣ ਮੌਸਮ ਵੀ ਬਦਲ ਗਿਆ ਹੈ। ਸਵੇਰ ਅਤੇ ਸ਼ਾਮ ਨੂੰ ਹਲਕੀ ਠੰਡ ਸ਼ੁਰੂ ਹੋ ਗਈ ਹੈ।

ਡੇਂਗੂ ਦੇ ਮੱਛਰ ਤੋਂ ਬਚਾਅ ਲਈ ਲੋਕਾਂ ਨੂੰ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਰਾਤ ਨੂੰ ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਵੇਰੇ ਪੈਰਾਂ ਨੂੰ ਢੱਕ ਕੇ ਰੱਖੋ। ਖਾਸ ਕਰਕੇ ਬੱਚੇ, ਬਜ਼ੁਰਗ ਅਤੇ ਗਰਭਵਤੀ ਔਰਤਾਂ ਕਿਉਂਕਿ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੁੰਦੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)