ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ ‘ਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਚ ਡੇਂਗੂ ਦੇ ਕੇਸ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਮੰਗਲਵਾਰ ਸ਼ਾਮ ਤੱਕ ਇਕੱਲੇ ਜਲੰਧਰ ‘ਚ ਹੀ ਡੇਂਗੂ ਦੇ 41 ਕੇਸ ਸਾਹਮਣੇ ਆ ਚੁੱਕੇ ਸਨ। ਜਲੰਧਰ ਦੇ ਵਿੱਚ ਹੁਣ ਡੇਂਗੂ ਮਰੀਜ਼ਾਂ ਦੀ ਗਿਣਤੀ 338 ਤੱਕ ਪਹੁੰਚ ਗਈ ਹੈ।

ਡੇਂਗੂ ‘ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਹੱਥ ਖੜ੍ਹੇ ਹੋ ਚੁੱਕੇ ਹਨ। ਵਿਭਾਗ ਨੂੰ ਹੁਣ ਦੀਵਾਲੀ ‘ਤੇ ਚੱਲਣ ਵਾਲੇ ਪਟਾਖਿਆਂ ਨਾਲ ਡੇਂਗੂ ਦੇ ਮੱਛਰ ਮਰਨ ਦੀ ਆਸ ਹੈ।

ਸਿਹਤ ਵਿਭਾਗ ਨੇ ਡੇਂਗੂ ਦੇ ਖਿਲਾਫ਼ ਮੁਹਿੰਮ ਤੇਜ ਕਰਨ ਦੀ ਗੱਲ ਕਹੀ ਹੈ। ਟੈਂਪਰੇਚਰ ਘੱਟਣ ਤੋਂ ਬਾਅਦ ਵੀ ਡੇਂਗੂ ਨਹੀਂ ਘੱਟ ਰਿਹਾ।

ਸਿਵਿਲ ਹਸਪਤਾਲ ਦੇ ਡਾ. ਅਦਿੱਤਆ ਪਾਲ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ਦੇ ਦਿਨ ਪਟਾਖੇ ਚੱਲਣ ਨਾਲ ਕੈਮਿਕਲ ਧੂੰਆਂ ਲੋਕਾਂ ਦੇ ਘਰ ਅੰਦਰ ਤੱਕ ਚਲਾ ਜਾਵੇਗਾ। ਹਵਾ ‘ਚ ਸਲਫਰ ਡਾਇਆਕਸਾਈਡ, ਨਾਇਟ੍ਰੋਜਨ, ਕਾਰਬਨ ਮੋਨੋਆਕਸਾਈਡ ਅਤੇ ਪਾਰਟੀਕੁਲਰ ਮੈਟਰ ਡੇਂਗੂ ਲਈ ਘਾਤਕ ਹੋਵੇਗਾ। ਖੜ੍ਹੇ ਪਾਣੀ ‘ਤੇ ਇਸਦੀ ਪਰਤ ਜੰਮਣ ਨਾਲ ਡੇਂਗੂ ਪੈਦਾ ਹੋਣ ਤੋਂ ਪਹਿਲਾ ਹੀ ਮਰ ਜਾਣਗੇ। ਦੀਵਾਲੀ ਤੋਂ ਬਾਅਦ ਡੇਂਗੂ ਮਰੀਜ਼ਾਂ ਦੀ ਗਿਣਤੀ ਘਟੇਗੀ।