ਸੋਨੀਪਤ, 22 ਜਨਵਰੀ| ਹਰਿਆਣਾ ਦੇ ਸੋਨੀਪਤ ਸਥਿਤ ਇਕ ਰਿਜ਼ੋਰਟ ਵਿਚ ਸੋਮਵਾਰ ਸਵੇਰੇ ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਮਿਲੀਆਂ ਹਨ। ਲੜਕੀ ਜੋ ਕਿ ਵਿਦੇਸ਼ੀ ਹੈ, ਦੀ ਲਾਸ਼ ਅਰਧ ਨਗਨ ਹਾਲਤ ‘ਚ ਮਿਲੀ, ਜਦਕਿ ਨੌਜਵਾਨ ਪੂਰੀ ਤਰ੍ਹਾਂ ਨਗਨ ਹਾਲਤ ‘ਚ ਕਮਰੇ ‘ਚ ਪਿਆ ਮਿਲਿਆ। ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਦੋਵਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਹਿਮਾਂਸ਼ੂ (26) ਵਾਸੀ ਅਸ਼ੋਕ ਵਿਹਾਰ (ਦਿੱਲੀ) ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਅਬਦੁਲਵਾ (32) ਵਾਸੀ ਉਜ਼ਬੇਕਿਸਤਾਨ ਵਜੋਂ ਹੋਈ ਹੈ।

ਹਿਮਾਂਸ਼ੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੋ ਦਿਨ ਪਹਿਲਾਂ ਹੀ ਭੈਣ ਦੀ ਮੰਗਣੀ ਹੋਈ ਸੀ ਤੇ ਬੁੱਧਵਾਰ ਨੂੰ ਭੈਣ ਦਾ ਵਿਆਹ ਹੋਣਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 9.30 ਵਜੇ ਸੋਨੀਪਤ ਦੇ ਕਾਮੀ ਰੋਡ ‘ਤੇ ਬਣੇ ਰਿਜ਼ੋਰਟ ‘ਮੇਰਾ ਗਾਓਂ ਮੇਰਾ ਦੇਸ਼’ ‘ਚ ਇਕ ਨੌਜਵਾਨ ਅਤੇ ਇਕ ਲੜਕੀ ਨੇ ਕਮਰਾ ਬੁੱਕ ਕਰਵਾਇਆ ਸੀ। ਇਸ ਤੋਂ ਬਾਅਦ ਸਵੇਰੇ 4 ਵਜੇ ਦੋਵੇਂ ਕਮਰਾ ਨੰਬਰ 14 ਵਿਚ ਮ੍ਰਿਤਕ ਪਾਏ ਗਏ। ਇਸ ਨਾਲ ਰਿਜ਼ੋਰਟ ਵਿੱਚ ਹਲਚਲ ਮਚ ਗਈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੌਜਵਾਨ ਕਮਰੇ ‘ਚ ਫਰਸ਼ ‘ਤੇ ਪੂਰੀ ਤਰ੍ਹਾਂ ਨਗਨ ਹਾਲਤ ‘ਚ ਪਿਆ ਮਿਲਿਆ, ਜਦਕਿ ਲੜਕੀ ਦੀ ਅੱਧ-ਨਗਨ ਲਾਸ਼ ਬੈੱਡ ‘ਤੇ ਪਈ ਸੀ। ਦੋਵਾਂ ਦੇ ਸਰੀਰਾਂ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਫਿਲਹਾਲ ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਦੀ ਮੌਤ ਰੂਮ ਹੀਟਰ ਕਾਰਨ ਦਮ ਘੁਟਣ ਕਾਰਨ ਹੋਈ ਹੈ। ਦੋਵਾਂ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਪੁਲਿਸ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗਾ।