ਚੰਡੀਗੜ੍ਹ| ਗੁਜਰਾਤ ਦੇ ਕੱਛ ਵਿੱਚ ਜਖਾਉ ਬੰਦਰਗਾਹ ਨੇੜੇ ਸ਼ਕਤੀਸ਼ਾਲੀ ਚੱਕਰਵਾਤ ਬਿਪਰਜੋਏ ਦੇ ਖਤਰੇ ਦੇ ਮੱਦੇਨਜ਼ਰ ਸਾਵਧਾਨੀ ਦੇ ਕਦਮ ਚੁੱਕੇ ਜਾ ਰਹੇ ਹਨ। ਮੰਗਲਵਾਰ ਨੂੰ ਤੱਟਵਰਤੀ ਖੇਤਰਾਂ ਤੋਂ 30,000 ਲੋਕਾਂ ਨੂੰ ਅਸਥਾਈ ਪਨਾਹਗਾਹਾਂ ਵਿੱਚ ਤਬਦੀਲ ਕੀਤਾ ਗਿਆ ਸੀ। ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਵਿੱਚ 14 ਜੂਨ ਲਈ ਆਰੇਂਜ ਅਲਰਟ ਅਤੇ 15 ਜੂਨ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਦੌਰਾਨ, ਭਾਰਤ ਦੇ ਮੌਸਮ ਵਿਭਾਗ (IMD) ਨੇ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਗੋਆ, ਲਕਸ਼ਦੀਪ ਆਦਿ ਸਮੇਤ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮੌਸਮੀ ਚੇਤਾਵਨੀਆਂ ਜਾਰੀ ਕੀਤੀਆਂ ਹਨ। ਨੇੜੇ ਆ ਰਹੇ ਚੱਕਰਵਾਤ ਕਾਰਨ ਖੇਤਰ ਵਿੱਚ ਬਹੁਤ ਜ਼ਿਆਦਾ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਮੌਸਮ ਖਰਾਬ ਹੋ ਗਿਆ ਹੈ।

ਬਿਪਰਜੋਏ ਚੱਕਰਵਾਤ ਦਾ ਰਾਜਸਥਾਨ ਤੇ ਨਾਲ ਲੱਗਦੇ ਸੂਬਿਆਂ ਦੇ ਮੌਸਮ ‘ਤੇ ਭਾਰੀ ਅਸਰ ਵੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਜੈਪੁਰ ਦੀ ਮੰਨੀਏ ਤਾਂ ਇਸ ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਦੱਖਣੀ-ਪੱਛਮੀ ਰਾਜਸਥਾਨ ਦੀ ਜੋਧਪੁਰ ਡਿਵੀਜ਼ਨ ‘ਚ ਦੇਖਣ ਨੂੰ ਮਿਲਣ ਵਾਲਾ ਹੈ।

ਮੌਸਮ ਵਿਭਾਗ ਨੇ ਜੋਧਪੁਰ ਡਿਵੀਜ਼ਨ ਦੇ ਜੋਧਪੁਰ, ਜੈਸਲਮੇਰ, ਬਾੜਮੇਰ ਅਤੇ ਜਾਲੋਰ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਪਾਲੀ ਅਤੇ ਸਿਰੋਹੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੱਕਰਵਾਤ ਦਾ ਪ੍ਰਭਾਵ 15 ਜੂਨ ਤੋਂ ਦਿਖਾਈ ਦੇਵੇਗਾ। ਇਸ ਦੌਰਾਨ ਤੇਜ਼ ਹਵਾਵਾਂ ਨਾਲ ਬਾਰਿਸ਼ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ 16 ਜੂਨ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਵਿਭਾਗ ਦਾ ਕਹਿਣਾ ਹੈ ਕਿ ਬਿਪਰਜੋਏ ਚੱਕਰਵਾਤ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਮੌਸਮ ਵਿਗਿਆਨੀਆਂ ਮੁਤਾਬਕ 15 ਤੋਂ 17 ਜੂਨ ਤੱਕ ਕਈ ਜ਼ਿਲ੍ਹਿਆਂ ਵਿੱਚ ਇਸ ਤੂਫ਼ਾਨ ਦਾ ਵੱਡਾ ਅਸਰ ਦੇਖਿਆ ਜਾ ਸਕਦਾ ਹੈ।

ਚੰਡੀਗੜ੍ਹ-ਪੰਜਾਬ, ਹਰਿਆਣਾ ‘ਚ ਅਗਲੇ 5 ਦਿਨਾਂ ਤੱਕ ਮੀਂਹ ਨਾਲ ਮੌਸਮ ਰਹੇਗਾ ਸੁਹਾਵਣਾ :

ਪਿਛਲੇ 24 ਘੰਟਿਆਂ ਦੌਰਾਨ ਨਮੀ ਵਧਣ ਕਾਰਨ ਗਰਮੀ ਵਧੀ ਹੈ, ਪਰ ਅਗਲੇ 3 ਤੋਂ 4 ਦਿਨਾਂ ਤੱਕ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਆਉਣ ਵਾਲੀ 15, 16 ਅਤੇ 17 ਜੂਨ ਨੂੰ ਮੌਸਮ ਵਿੱਚ ਬਦਲਾਅ ਹੋਵੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ।

ਮੌਸਮ ਵਿਭਾਗ ਅਨੁਸਾਰ ਰਾਜ ਵਿਚ 14, 15, 16 ਅਤੇ 17 ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਸੂਬੇ ਵਿੱਚ ਅਗਲੇ 4 ਤੋਂ 5 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ