ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਜਿੱਥੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ, ਉੱਥੇ ਹੀ ਮੌਤਾਂ ਦੀ ਗਿਣਤੀ ਵੀ ਤੇਜੀ ਨਾਲ ਵੱਧਣੀ ਸ਼ੁਰੂ ਹੋ ਰਹੀ ਹੈ। ਅੱਜ ਹੁਣ ਤੱਕ ਕੋਰੋਨਾ ਨਾਲ ਅੰਮ੍ਰਿਤਸਰ ਵਿਚ 3 ਅਤੇ ਸੰਗਰੂਰ ਜਿਲ੍ਹੇ ਵਿਚ 1 ਮੌਤ ਹੋ ਚੁੱਕੀ ਹੈ। ਅੱਜ ਸੂਬੇ ਵਿਚ ਕੁਲ 4 ਮੌਤਾਂ ਹੋ ਮੌਤਾਂ ਹੋ ਚੁੱਕੀਆਂ ਹਨ।

ਅੰਮ੍ਰਿਤਸਰ ‘ਚ ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੱਜ ਇਕ ਔਰਤ ਸਣੇ ਤਿੰਨ ਲੋਕਾਂ ਦੀ ਮੌਤ ਹੋਈ ਹੈ। ਤਿੰਨੋ ਮਰੀਜ਼ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੂੰ ਇੱਥੇ ਗੁਰੂ ਨਾਨਕ ਦੇਵ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਅੱਜ ਇੱਥੇ ਦਮ ਤੋੜ ਗਏ।

ਤਰਨ ਤਾਰਨ ਨਿਵਾਸੀ ਪੰਜਾਬ ਪੁਲਿਸ ‘ਚ ਤੈਨਾਤ ਇਕ ਏ.ਐੱਸ.ਆਈ. ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸੰਬੰਧਿਤ ਏ.ਐੱਸ.ਆਈ. ਐੱਸ.ਐੱਸ.ਪੀ ਦਫ਼ਤਰ ਤਰਨ ਤਾਰਨ ਵਿਖੇ ਸਪੈਸ਼ਲ ਬਰਾਂਚ ‘ਚ ਤੈਨਾਤ ਸੀ ਅਤੇ ਤਿੰਨ ਦਿਨ ਪਹਿਲਾਂ ਉਸ ਨੂੰ ਤਕਲੀਫ਼ ਹੋਣ ‘ਤੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਸੀ ਜਿਸ ਦੀ ਬੀਤੀ ਰਾਤ ਮੌਤ ਹੋ ਗਈ ਜਦਕਿ ਉਸ ਦੇ ਸੈਂਪਲਾਂ ਦੀ ਜਾਂਚ ਦੀ ਰਿਪੋਰਟ ਸ਼ਨੀਵਾਰ ਨੂੰ ਸਵੇਰੇ ਪਾਜੀਵਿਟ ਪਾਈ ਗਈ ਹੈ। ਪੁਲਿਸ ਵਿਭਾਗੀ ਸੂਤਰਾਂ ਅਨੁਸਾਰ ਸੰਬੰਧਿਤ ਏ.ਐੱਸ.ਆਈ. ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਘੱਲੂਘਾਰੇ ਦੌਰਾਨ ਸਪੈਸ਼ਲ ਡਿਊਟੀ ਤੇ ਗਿਆ ਸੀ। ਮ੍ਰਿਤਕ ਏ.ਐੱਸ.ਆਈ. ਦਾ ਸਸਕਾਰ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਉਸ ਦੇ ਜੱਦੀ ਪਿੰਡ ਮੁਗਲਵਾਲਾ ਨਜ਼ਦੀਕ ਪੱਟੀ ਵਿਖੇ ਕੀਤਾ ਜਾਵੇਗਾ।

ਸੰਗਰੂਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਕਾਰਨ ਅੱਜ ਤੀਜੀ ਮੌਤ ਹੋ ਗਈ। 65 ਸਾਲਾ ਕੋਰੋਨਾ ਪੀੜਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਸੀ।

ਜਲੰਧਰ ‘ਚ ਅੱਜ 6 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਨੇ ਸ਼ਹਿਰ ਦੇ ਦੋ ਨਵੇਂ ਇਲਾਕਿਆਂ ਬਸ਼ੀਰਪੁਰਾ ਅਤੇ ਗੋਪਾਲ ਨਗਰ ਵਿਚ ਦਸਤਕ ਦੇ ਦਿੱਤੀ ਹੈ। ਹੁਣ ਸ਼ਹਿਰ ਵਿੱਚ ਕੋਰੋਨਾ ਦੇ 331 ਪਾਜੀਟਿਵ ਕੇਸ ਸਾਹਮਣੇ ਆ ਚੁੱਕੇ ਹਨ।

ਫਗਵਾੜਾ ਦੇ ਮੁਹੱਲਾ ਭਗਤ ਪੁਰਾ ਵਿਖੇ ਇਕ 38 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇਲਾਕੇ ‘ਚ ਭੈਅ ਦਾ ਮਾਹੌਲ ਬਣ ਗਿਆ। ਸਿਹਤ ਵਿਭਾਗ ਦੀ ਟੀਮ ਇਸ ਮਾਮਲੇ ਨੂੰ ਲੈ ਕੇ ਪੂਰੀ ਤਰਾਂ ਹਰਕਤ ‘ਚ ਆ ਗਈ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਪਟਿਆਲਾ ‘ਚ ਸਰਕਾਰੀ ਰਜਿੰਦਰਾ ਹਸਪਤਾਲ ‘ਚ ਡਿਊਟੀ ਕਰ ਰਹੀ ਸਟਾਫ਼ ਨਰਸ ਸਮੇਤ ਜ਼ਿਲ੍ਹੇ ਨਾਲ ਸਬੰਧਿਤ 6 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ।

ਬਰਨਾਲਾ ਦੇ ਕਸਬਾ ਭਦੌੜ ਵਿਖੇ ਬੀਤੇ ਦਿਨੀਂ ਦਿੱਲੀ ਤੋਂ ਆਏ ਵਿਅਕਤੀ ਦਾ ਟੈਸਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਅੱਜ ਉਸ ਦੇ ਦੋ ਪਰਿਵਾਰਕ ਮੈਂਬਰਾਂ ਦਾ ਟੈਸਟ ਵੀ ਕੋਰੋਨਾ ਪਾਜ਼ੀਟਿਵ ਆ ਗਿਆ। ਸੀ.ਐੱਚ.ਸੀ ਭਦੌੜ ਦੇ ਡਾ. ਸਤਵੰਤ ਸਿੰਘ ਬਾਵਾ ਨੇ ਦੱਸਿਆ ਕਿ ਦਿੱਲੀ ਤੋਂ ਆਏ ਵਿਅਕਤੀ ਦਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਜਦੋਂ ਉਸ ਦੇ ਸੰਪਰਕ ‘ਚ ਆਏ 6 ਪਰਿਵਾਰਕ ਮੈਂਬਰਾਂ ਦਾ ਟੈੱਸਟ ਲਿਆ ਗਿਆ ਸੀ ਤਾਂ ਉਨ੍ਹਾਂ ਦੀ ਅੱਜ ਆਈ ਰਿਪੋਰਟ ‘ਚ ਉਕਤ ਪੀੜਤ ਵਿਅਕਤੀ ਦੀ ਮਾਮੀ ਅਤੇ ਚਾਚੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ ਜਿਨ੍ਹਾਂ ਨੂੰ ਐਂਬੂਲੈਂਸ ਰਾਹੀ ਸੋਹਲ ਪੱਤੀ ਬਰਨਾਲਾ ਵਿਖੇ ਭੇਜਿਆ ਗਿਆ। ਇਸ ਸਮੇਂ ਸਿਹਤ ਕਰਮਚਾਰੀ ਬਲਜਿੰਦਰ ਸਿੰਘ ਅਤੇ ਏ.ਐੱਸ.ਆਈ ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਫ਼ਿਰੋਜ਼ਪੁਰ ਅੰਦਰ ਕੋਰੋਨਾ ਦਾ ਕਹਿਰ ਮੁੜ ਸ਼ੁਰੂ ਹੋ ਗਿਆ ਹੈ। ਤਲਵੰਡੀ ਭਾਈ ਦੇ ਖੇਤਰ ਅਜੀਤ ਨਗਰ ਦੀ ਇਕ ਗਰਭਵਤੀ ਮਹਿਲਾ ਦੇ ਕੋਰੋਨਾ ਪਾਜ਼ੀਟਿਵ ਆਉਣ ਬਾਰੇ ਪ੍ਰਸ਼ਾਸਨ ਵੱਲੋਂ ਪੁਸ਼ਟੀ ਕੀਤੀ ਗਈ ਹੈ।

ਨਾਭਾ ਦੇ ਪਿੰਡ ਰਾਮਗੜ੍ਹ ਦਾ 45 ਸਾਲਾਂ ਵਸਨੀਕ ਦੀ ਕੋਰੋੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਪੀੜਤ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਵਿਚ ਦਾਖਲ ਕੀਤਾ ਗਿਆ ਹੈ।

ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਪਿੰਡ ਦੌਲੋ ਨੰਗਲ ‘ਚੋਂ 4 ਵਿਅਕਤੀਆਂ ਦੇ ਕੀਤੇ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਨਾਲ ਜਿੱਥੇ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ‘ਚ ਫਿਰ ਤੋਂ ਸਹਿਮ ਦਾ ਮਾਹੌਲ ਬਣ ਗਿਆ ਸੀ, ਪਰ ਅੱਜ ਹਸਪਤਾਲ ‘ਚ 10 ਜੂਨ ਨੂੰ 65 ਵਿਅਕਤੀਆਂ ਦੇ ਲਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਬਾਬਾ ਬਕਾਲਾ ਸਾਹਿਬ ਹਲਕੇ ਨੂੰ ਵੱਡੀ ਰਾਹਤ ਮਿਲੀ ਹੈ । ਇਸ ਸਬੰਧੀ ਅੱਜ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਮੈਡੀਕਲ ਅਫ਼ਸਰ ਡਾ. ਸਾਹਿਬਜੀਤ ਸਿੰਘ ਨੇ ਦੱਸਿਆ ਹੈ ਕਿ ਜੋ ਕੱਲ੍ਹ 4 ਵਿਅਕਤੀ ਪਾਜ਼ੀਟਿਵ ਪਾਏ ਗਏ ਸਨ, ਉਹ ਸਾਰੇ ਇਕੋ ਪਿੰਡ ਦੌਲੋ ਨੰਗਲ ਨਾਲ ਹੀ ਸੰਬੰਧਿਤ ਸਨ ਅਤੇ ਇਹ ਇਹ ਸਾਰੇ ਦਿੱਲੀ ਤੋਂ ਆਏ ਸਨ । ਉਨ੍ਹਾਂ ਦੱਸਿਆ ਕਿ ਉਕਤ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੇ ਅੱਜ 5 ਹੋਰ ਰਿਸ਼ਤੇਦਾਰਾਂ ਸਮੇਤ ਅੱਜ 62 ਵਿਅਕਤੀਆਂ ਦੇ ਸੈਂਪਲ ਲੈਬ ਲਈ ਭੇਜੇ ਗਏ ਹਨ, ਜਿੰਨਾਂ ਦੀ ਰਿਪੋਰਟ ਬਾਅਦ ‘ਚ ਆਵੇਗੀ। ਉਨ੍ਹਾਂ ਇਸ ਵੀ ਦੱਸਿਆ ਕਿ ਸਿਵਲ ਹਸਪਤਾਲ ‘ਚ 10 ਜੂਨ ਨੂੰ ਜਿਨ੍ਹਾਂ 65 ਵਿਅਕਤੀਆਂ ਦੇ ਕੋਰੋਨਾ ਟੈਸਟ ਲਏ ਗਏ ਸਨ, ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ।

ਖੰਨਾ ਵਾਸੀਆਂ ਲਈ ਇਹ ਰਾਹਤ ਦੀ ਖ਼ਬਰ ਹੈ ਕਿ ਖੰਨਾ ਦੇ ਸਿਵਲ ਹਸਪਤਾਲ ‘ਚੋਂ 9 ਜੂਨ ਨੂੰ ਕੋਵਿਡ 19 ਕੋਰੋਨਾ ਦੇ 81 ਵਿਅਕਤੀਆਂ ਦੇ ਭੇਜੇ ਸਾਰੇ ਦੇ ਸਾਰੇ ਟੈਸਟ ਨੈਗੇਟਿਵ ਆਏ ਹਨ। ਇਨ੍ਹਾਂ ‘ਚ ਚਰਚਿਤ ਕੋਰੋਨਾ ਪਾਜ਼ੀਟਿਵ ਆਏ ਡਾਕਟਰਾਂ ਅਤੇ ਪੁਲਿਸ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀਆਂ ਦੇ ਸੰਪਰਕ ‘ਚ ਆਏ 24 ਵਿਅਕਤੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਆਈਸੋਲੇਸ਼ਨ ਵਾਰਡ ‘ਚ ਦਾਖਿਲ 2 ਵਿਅਕਤੀਆਂ ਨੂੰ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੁੱਟੀ ਵੀ ਦੇ ਦਿੱਤੀ ਗਈ ਹੈ। ਇਸ ਸਮੇਂ 14 ਰੋਗੀਆਂ ਦੇ ਕੇਸਾਂ ਸਮੇਤ ਇਕੱਲਤਾ ਵਾਰਡ ‘ਚ 16 ਮਰੀਜ਼ ਦਾਖਲ ਹਨ। ਬਾਕੀ ਦੋ ਮਾਮਲਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।