ਚੰਡੀਗੜ੍ਹ | ਪੰਜਾਬ ਟੀਕਾਕਰਣ ਦੇ ਪ੍ਰਬੰਧਨ ਲਈ ਤਿਆਰ- ਬਰ- ਤਿਆਰ ਹੈ ਅਤੇ ਜਦੋਂ ਵੀ ਵੈਕਸੀਨ ਦੀ ਸਪਲਾਈ ਪ੍ਰਾਪਤ ਹੁੰਦੀ ਹੈ ਟੀਕਾਕਰਣ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ।
ਮੁਹਾਲੀ ਦੇ 6-ਫੇਜ਼ ਸਥਿਤ ਜ਼ਿਲਾ ਹਸਪਤਾਲ ਵਿਖੇ ਟੀਕਾਕਰਣ ਅਭਿਆਸ ਚਲਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਇੱਕ ਗੈਰ- ਰਸਮੀ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਟੀਕਾਕਰਣ ਅਭਿਆਸ ਸੂਬਾ ਪੱਧਰ ’ਤੇ ਲੋੜੀਂਦੇ ਅਮਲੇ ਅਤੇ ਸਮੱਗਰੀ ਨਾਲ ਸਫਲ ਰਿਹਾ ਹੈ। ਉਹਨਾਂ ਕਿਹਾ “ਸਾਰੀਆਂ ਵਿਉਂਤਬੰਦੀਆਂ ਕਰ ਲਈਆਂ ਗਈਆਂ ਹਨ ਅਤੇ ਅਸੀਂ ਪੂਰੀ ਤਰਾਂ ਤਿਆਰ ਹਾਂ।” ਸਾਰੀ ਟੀਕਾਕਰਨ ਪ੍ਰਕਿਰਿਆ ਦਾ ਟ੍ਰਾਇਲ ਕੀਤਾ ਗਿਆ ਸੀ ਅਤੇ ਅਮਲੇ ਨੂੰ ਟੀਕਾਕਰਣ ਦੇ ਅਸਲ ਪ੍ਰਬੰਧਨ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਕਾਰਜਸ਼ੀਲ ਪਹਿਲੂਆਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਗਈ ਹੈ ਅਤੇ ਕੋਵਿਨ ਪੋਰਟਲ ਦੀ ਸੰਭਾਵਨਾ ਸਬੰਧੀ ਨਿਗਰਾਨੀ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਦੱਸਿਆ- ਟੀਕਾ ਸਿਰਫ ਪਹਿਲਾਂ ਤੋਂ ਰਜਿਸਟਰ ਹੋਏ ਲੋਕਾਂ/ਲਾਭਪਾਤਰੀਆਂ ਦੀ ਸਹਿਮਤੀ ਨਾਲ ਹੀ ਲਗਾਇਆ ਜਾਵੇਗਾ। ਟੀਕਾਕਰਣ ਦੇ ਪਹਿਲੇ ਪੜਾਅ ਵਿਚ ਪ੍ਰਾਈਵੇਟ ਅਤੇ ਜਨਤਕ ਸਹੂਲਤਾਂ ਨਾਲ ਸਬੰਧਤ 1.6 ਲੱਖ ਸਿਹਤ ਸੰਭਾਲ ਕਾਮਿਆਂ (ਐਚ.ਸੀ.ਡਬਲਯੂ) ਦੇ ਲਗਾਇਆ ਜਾਵੇਗਾ।
ਬਲਬੀਰ ਸਿੱਧੂ ਨੇ ਦੱਸਿਆ- ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਾਡੇ ਕੋਲ 1000 ਸਿਖਲਾਈ ਪ੍ਰਾਪਤ ਵੈਕਸੀਨੇਟਰ ਹਨ ਅਤੇ ਪ੍ਰਤੀ ਵੈਕਸੀਨੇਟਰ ਕਰੀਬ ਚਾਰ ਸਹਿਯੋਗੀ ਟੀਮ ਮੈਂਬਰ ਕੰਮ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਰਾਜ ਪ੍ਰਤੀ ਦਿਨ ਟੀਕੇ ਦੀਆਂ 4 ਲੱਖ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਪੂਰੀ ਤਰਾਂ ਸਮਰੱਥ ਹੈ।
ਇਸ ਤੋਂ ਬਾਅਦ ਇਹ ਟੀਕਾ ਪੁਲਿਸ ਸਮੇਤ ਫਰੰਟਲਾਈਨ ਕੋਰੋਨਾ ਯੋਧੇ , ਮਾਲ ਅਧਿਕਾਰੀ ਅਤੇ ਹੋਰ ਫੀਲਡ ਸਟਾਫ ਅਤੇ ਫਿਰ ਬਜ਼ੁਰਗਾਂ ਦੇ ਅਤੇ ਸਹਿ-ਰੋਗਾਂ ਤੋਂ ਪੀੜਤ ਆਬਾਦੀ ਦੇ ਲਗਾਇਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਉਹ ਕੇਂਦਰੀ ਸਿਹਤ ਮੰਤਰੀ ਦੇ ਸੰਪਰਕ ਵਿੱਚ ਹਨ ਅਤੇ ਉਨਾਂ ਨੂੰ ਸਾਰੇ ਰਾਜਾਂ ਲਈ ਕੋਵਿਡ ਟੀਕਾ ਮੁਫਤ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਹੈ।
ਕੋਰੋਨਾ ਟੀਕੇ ਦੀ ਅਸਲ ਵੰਡ ਵੱਲ ਵਧਦਿਆਂ ਪੰਜਾਬ ਸਰਕਾਰ ਨੇ ਅੱਜ ਜ਼ਿਲਾ ਹਸਪਤਾਲਾਂ, ਮੈਡੀਕਲ ਕਾਲਜਾਂ / ਨਿੱਜੀ ਸਿਹਤ ਸਹੂਲਤਾਂ ਅਤੇ ਸ਼ਹਿਰੀ / ਪੇਂਡੂ ਆਊਟਰੀਚ ਕੇਂਦਰਾਂ ਵਿੱਚ ਗਠਿਤ ਸਾਰੀਆਂ ਸੈਸ਼ਨ ਸਾਈਟਾਂ ਵਿੱਚ ਟੀਕੇ ਸਬੰਧੀ ਅਭਿਆਸ ਸਫਲਤਾਪੂਰਵਕ ਪੂਰਾ ਕੀਤਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨਿਰਧਾਰਤ ਸ਼ਡਿਊਲ ਤਹਿਤ ਲਾਭਪਾਤਰੀ ਜਾਂ ਮਰੀਜ਼ ਨੂੰ ਕੁੱਲ 2 ਖੁਰਾਕਾਂ ਦਿੱਤੀਆਂ ਜਾਣਗੀਆਂ ਅਤੇ ਦੂਜੀ ਖੁਰਾਕ ਪਹਿਲੀ ਤੋਂ 28 ਦਿਨਾਂ ਦੇ ਵਕਫ਼ੇ ਵਿੱਚ ਦਿੱਤੀ ਜਾਵੇਗੀ। ਹਰੇਕ ਵਿਅਕਤੀ ਨੂੰ ਟੀਕਾ ਲਗਵਾਉਣ ਪਿੱਛੋਂ ਆਬਜ਼ਰਵੇਸ਼ਨ ਰੂਮ ਵਿੱਚ 30 ਮਿੰਟ ਇੰਤਜ਼ਾਰ ਕਰਨਾ ਹੋਵੇਗਾ ਤਾਂ ਜੋ ਟੀਕਾਕਰਣ (ਏ.ਈ.ਐੱਫ.ਆਈ.) ਦੇ ਬਾਅਦ ਕਿਸੇ ਕਿਸਮ ਦੇ ਮਾੜੇ ਪ੍ਰਭਾਵ ਜਾਂ ਪਰੇਸ਼ਾਨੀ (ਜੇ ਕੋਈ ਹੈ) ਨੂੰ ਵਾਚਿਆ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਪ੍ਰੋਗਰਾਮ ਲਈ ਨਿਰਧਾਰਤ ਕੀਤੇ ਮਾਈਕਰੋ ਪਲਾਨ ਅਨੁਸਾਰ 25 ਦੇ ਕਰੀਬ ਲਾਭਪਾਤਰੀਆਂ, 5 ਮੈਂਬਰੀ ਟੀਕਾਕਰਣ ਟੀਮ ਅਤੇ ਇੱਕ ਸੁਪਰਵਾਈਜ਼ਰ ਪ੍ਰਤੀ ਸੈਸ਼ਨ ਸਾਈਟ ਨੇ ਇਸ ਮਾਕ -ਡਿ੍ਰਲ ( ਅਭਿਆਸ ) ਵਿੱਚ ਭਾਗ ਲਿਆ ਹੈ ਤਾਂ ਜੋ ਐਸ.ਓ.ਪੀਜ਼. ਅਨੁਸਾਰ ਸਾਰੀਆਂ ਗਤੀਵਿਧੀਆਂ ਨੂੰ ਨਿਰਵਿਘਨ ਚਲਾਉਣ ਨੂੰ ਯਕੀਨੀ ਬਣਾਇਆ ਜਾ ਸਕੇ।