ਸ਼ਾਹਕੋਟ . ਕੋਰੋਨਾ ਸੰਕਟ ਤੋਂ ਨਜਿੱਠਣ ਲਈ ਬੀਤੇ 28 ਦਿਨਾਂ ਤੋਂ ਦੇਸ਼ ਵਿੱਚ ਲਾਕਡਾਊਨ ਹੈ। ਆਸ਼ਾ ਵਰਕਰਾਂ ਵੀ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦਿਆਂ ਪੂਰਾ ਯੋਗਦਾਨ ਪਾ ਰਹੀਆਂ ਹਨ। ਜਿਹਨਾਂ ਦਾ ਕੰਮ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਘਰ ਵਿਚ ਜਾ ਕੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਪਛਾਣ ਕਰਨਾ ਤੇ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਆਸ਼ਾ ਵਰਕਰਾਂ ਆਪਣੇ ਪਿੰਡ ਵਿੱਚ ਰਹਿੰਦੇ ਹੋਏ ਪਿੰਡ ਵਾਸੀਆਂ ਦੇ ਲਈ ਕੋਰੋਨਾ ਖਿਲਾਫ ਇੱਕ ਢਾਲ ਵਜੋਂ ਕੰਮ ਕਰ ਰਹੀਆਂ ਹਨ।

ਪਹਿਲਾਂ ਵਿਦੇਸ਼ ਤੋਂ ਪਰਤੇ ਲੋਕਾਂ ਦੀ ਕੀਤੀ ਪਛਾਣ, ਹੁਣ ਸ਼ੱਕੀ ਮਰੀਜਾਂ ਨੂੰ ਲੱਭਣ ਦੀ ਦਾ ਕੰਮ ਆਰੰਭਿਆ

ਸਿਹਤ ਵਿਭਾਗ ਨੇ ਹਰ ਪਿੰਡ ਤੇ ਵਾਰਡ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਤੇ ਇਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਸ਼ਾ ਵਰਕਰਾਂ ਦੀ ਤੈਨਾਤੀ ਕੀਤੀ ਹੈ। ਕੋਰੋਨਾ ਸੰਕਟ ਸ਼ੁਰੂ ਹੋਇਆ, ਤਾਂ ਸਭ ਤੋਂ ਪਹਿਲਾਂ ਵਿਦੇਸ਼ਾਂ ਵਿਚੋਂ ਆਏ ਲੋਕਾਂ ਦੀ ਪਛਾਣ ਕਰਨ ਦਾ ਕੰਮ ਸੌਂਪਿਆ ਗਿਆ। ਆਸ਼ਾ ਵਰਕਰਾਂ ਦੀ ਮਦਦ ਨਾਲ ਬਲਾਕ ਸ਼ਾਹਕੋਟ ਵਿੱਚ ਅਜੀਹੇ 442 ਲੋਕਾਂ ਦੀ ਭਾਲ ਕੀਤੀ ਗਈ ਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ। ਹੁਣ ਆਸ਼ਾ ਵਰਕਰਾਂ ਨੂੰ ਬਲਾਕ ਵਿੱਚ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜੋ ਕਿਸੇ ਬੀਮਾਰੀ ਤੋਂ ਪੀੜਤ ਹਨ ਤੇ ਉਨ੍ਹਾਂ ਵਿੱਚ ਖਾਂਸੀ-ਜੁਕਾਮ, ਬੁਖਾਰ ਵਰਗੇ ਲੱਛਣ ਹਨ। ਨਾਲ ਹੀ ਉਹ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਜਾਗਰੂਕ ਵੀ ਕਰ ਰਹੀਆਂ ਹਨ।

ਆਸ਼ਾਂ ਵਰਕਰਾਂ ਨੇ ਆਪਣੇ ਪਿੰਡ ਦੇ ਨਾਲ-ਨਾਲ ਕੋਟਲਾ ਹੇਰਾਂ ਦਾ ਵੀ ਕੰਮ ਸਾਂਭਿਆ

ਬਲਾਕ ਦਾ ਦੂਜਾ ਕੋਰੋਨਾ ਕੇਸ ਕੋਟਲਾ ਹੇਰਾਂ ਤੋਂ ਸਾਹਮਣੇ ਆਇਆ। ਕੋਟਲਾ ਹੇਰਾਂ ਸਬ ਸੈਂਟਰ ਅਧੀਨ ਆਉਂਦੇ ਪਿੰਡਾਂ ਦੀਆਂ ਆਸ਼ਾ ਵਰਕਰਾਂ ਕੁਲਵਿੰਦਰ ਕੌਰ, ਦਰਸ਼ੋ, ਸਿਮਰਜੀਤ ਕੌਰ, ਸਵਿਤਾ ਤੇ ਬਲਵਿੰਦਰ ਕੌਰ ਨਾ ਸਿਫਰ ਆਪਣੇ ਪਿੰਡ ਦਾ ਸਰਵੇ ਕਰ ਰਹੀਆਂ ਹਨ, ਸਗੋਂ ਕੋਟਲਾ ਹੇਰਾਂ ਵਿਖੇ ਵੀ ਵਿਭਾਗੀ ਟੀਮਾਂ ਦੇ ਨਾਲ ਆਪਣਾ ਫਰਜ਼ ਨਿਭਾ ਰਹੀਆਂ ਹਨ।

164 ਆਸ਼ਾ ਵਰਕਰ, ਹਰ ਰੋਜ਼ 15 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਕਰ ਰਹੀਆਂ ਹਨ ਸਕ੍ਰੀਨਿੰਗ

ਇੱਕ ਹਜ਼ਾਰ ਜਾਂ ਇਸ ਤੋਂ ਵੱਧ ਅਬਾਦੀ ਦੇ ਇਲਾਕਿਆਂ ਵਿਚ ਆਸ਼ਾ ਵਰਕਰਾਂ ਰੱਖੀਆਂ ਗਈਆਂ ਹਨ। ਅਜੇ ਬਲਾਕ ਵਿੱਚ 164 ਆਸ਼ਾ ਵਰਕਰਾਂ ਹਨ, ਜੋ ਰੋਜ਼ਾਨਾ ਆਪਣੇ-ਆਪਣੇ ਪਿੰਡ ਦਾ ਸਰਵੇ ਕਰਦੀਆਂ ਹਨ। ਮੰਗਲਵਾਰ ਨੂੰ ਆਸ਼ਾ ਵਰਕਰਾਂ ਤੇ ਵਿਭਾਗੀ ਟੀਮਾਂ ਨੇ ਮਿਲ ਕੇ 4138 ਘਰਾਂ ਦਾ ਸਰਵੇ ਕੀਤਾ ਤੇ 20502 ਲੋਕਾਂ ਦੀ ਸਿਹਤ ਜਾਂਚ ਕੀਤੀ। ਆਸ਼ਾ ਵਰਕਰਾਂ ਵਿਭਾਗ ਦੀ ਰੀੜ੍ਹ ਦੀ ਹੱਡੀ ਸਮਾਨ ਹਨ, ਜੋ ਪਿੰਡ ਪੱਧਰ ਤੇ ਵਿਭਾਗੀ ਯੋਜਨਾਵਾਂ ਨੂੰ ਹੋਰ ਮਜਬੂਤੀ ਦਿੰਦੀਆਂ ਹਨ। ਚੰਦਨ ਮਿਸ਼ਰਾ ਨੇ ਦੱਸਿਆ ਕਿ ਆਸ਼ਾ ਵਰਕਰਾਂ ਦਾ ਵਿਭਾਗ ਦੀ ਹਰ ਗਤੀਵਿਧੀ ਵਿੱਚ ਵੱਡਮੁੱਲਾ ਯੋਗਦਾਨ ਹੁੰਦਾ ਹੈ। ਕੋਰੋਨਾ ਦੇ ਖਿਲਾਫ ਇਸ ਲੜਾਈ ਵਿੱਚ ਵੀ ਆਸ਼ਾ ਆਪਣੀ ਉਪਯੋਗਿਤਾ ਸਾਬਤ ਕਰ ਰਹੀਆਂ ਹਨ। ਉਹ ਇਹ ਸੁਨੇਹਾ ਦੇ ਰਹੀਆਂ ਹਨ ਕਿ ਉਨ੍ਹਾਂ ਵੱਲੋਂ ਪਿੰਡ ਪੱਧਰ ਤੇ ਲੜੀਆਂ ਜਾ ਰਹੀਆਂ ਛੋਟੀਆਂ ਲੜਾਈਆਂ ਹੀ ਕੋਰੋਨਾ ਖਿਲਾਫ ਵਿਸ਼ਵ ਪੱਧਰ ਦੀ ਇਸ ਜੰਗ ਵਿੱਚ ਮਨੁੱਖ ਦੀ ਜੇਤੂ ਬਣਾਉਣਗੀਆਂ।