ਬਰਨਾਲਾ, 18 ਨਵੰਬਰ | ਬਰਨਾਲਾ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਤਿੰਨ ਹੋਰ ਵਿਅਕਤੀਆਂ ਵਿਰੁੱਧ ਹਥਿਆਰਾਂ ਦੀ ਨੋਕ ‘ਤੇ ਲੁੱਟ-ਖੋਹ ਕਰਨ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਇੰਚਾਰਜ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੰਕਜ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਦੇ ਆਧਾਰ ‘ਤੇ ਮਹੇਸ਼ ਕੁਮਾਰ ਲੋਟਾ, ਉਸ ਦੇ ਸਾਥੀ ਭਰਤ ਮਿੱਤਲ, ਘੋਨਾ, ਟਿੰਕੂ ਅਤੇ ਲਕਸ਼ੈ ਨੂੰ ਅਸਲਾ ਐਕਟ ਤਹਿਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਰੇਡੀਐਂਟ ਪਲਾਜ਼ਾ ਹੋਟਲ ਨੇੜੇ ਘੇਰ ਲਿਆ ਤੇ ਹਥਿਆਰ ਦਿਖਾ ਕੇ ਉਸ ਦੀ ਸੋਨੇ ਦੀ ਚੇਨ ਖੋਹ ਲਈ। ਪੁਲਿਸ ਨੇ ਮਹੇਸ਼ ਕੁਮਾਰ ਲੋਟਾ ਅਤੇ ਉਸ ਦੇ ਇਕ ਹੋਰ ਸਾਥੀ ਭਰਤ ਮਿੱਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੂੰ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ, “17 ਨਵੰਬਰ 2013 ਨੂੰ ਮੈਂ ਆਪਣੇ ਮਾਮੇ ਦੇ ਲੜਕੇ ਵਿੱਕੀ ਕੁਮਾਰ ਅਤੇ ਇਕ ਹੋਰ ਰਿਸ਼ਤੇਦਾਰ ਨਾਲ ਖਾਣਾ ਖਾਣ ਲਈ ਰੈਡੀਐਂਟ ਹੋਟਲ ਬਰਨਾਲਾ ਵਿਖੇ ਗਿਆ ਸੀ, ਜਦੋਂ ਮੈਂ ਕਾਰ ਪਾਰਕਿੰਗ ਵਿਚ ਖਾਣਾ ਖਾਣ ਲਈ ਹੋਟਲ ਜਾਣ ਲੱਗਾ ਤਾਂ ਲਕਸ਼ੇ ਕੁਮਾਰ, ਟਿੰਕੂ ਖਾਨ, ਘੋਨਾ ਸ਼ੈਲਰ ਵਾਲਾ, ਮਹੇਸ਼ ਕੁਮਾਰ ਲੋਟਾ ਆਪਣੇ 4-5 ਵਿਅਕਤੀਆਂ ਨਾਲ ਪਹਿਲਾਂ ਹੀ ਉਥੇ ਖੜ੍ਹੇ ਸਨ ਤਾਂ ਲਕਸ਼ੇ ਕੁਮਾਰ ਅਤੇ ਟਿੰਕੂ ਨੇ ਮੈਨੂੰ ਬੁਲਾਇਆ ਅਤੇ ਕਹਿਣ ਲੱਗੇ ਕਿ ਤੇਰੇ ਦੋਸਤ ਓਮੇਸ਼ ਪ੍ਰਕਾਸ਼ ਤੋਂ ਅਸੀਂ ਪੈਸੇ ਲੈਣੇ ਹਨ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਸ ਨਾਲ ਗੱਲ ਕਰ ਲਵਾਂਗਾ। ਇਹ ਸੁਣ ਕੇ ਉਹ ਗੁੱਸੇ ਵਿਚ ਆ ਗਏ ਅਤੇ ਲਕਸ਼ੇ ਕੁਮਾਰ ਅਤੇ ਟਿੰਕੂ  ਨੇ ਆਪਣੇ ਡੱਬ ਵਿਚੋਂ ਚਾਕੂਨੁਮਾ ਕੋਈ ਚੀਜ਼ ਕੱਢ ਲਈ।

ਇਸ ਦੌਰਾਨ ਘੋਨਾ ਸ਼ੈਲਰ ਵਾਲਾ ਅਤੇ ਮਹੇਸ਼ ਲੋਟਾ ਨੇ ਪਿਸਟਲ ਕੱਢ ਲਏ ਅਤੇ ਮੇਰੇ ਮੱਥੇ ’ਤੇ ਲਗਾ ਕੇ ਕਹਿਣ ਲੱਗੇ ਕਿ ਅੱਜ ਇਸ ਨੂੰ ਮਾਰ ਦਿੰਦੇ ਹਾਂ। ਫਿਰ ਲਕਸ਼ੇ ਅਤੇ ਟਿੰਕੂ ਨੇ ਮੇਰੇ ’ਤੇ ਤਿੱਖੀ ਚੀਜ਼ ਨਾਲ ਹਮਲਾ ਕੀਤਾ। ਇਸ ਦੌਰਾਨ ਮੇਰੇ ਗਲ ਵਿਚ ਪਾਈ ਸੋਨੇ ਦੀ ਚੇਨ ਵੀ ਝਪਟ ਲਈ। ਪੁਲਿਸ ਨੇ ਪੰਕਜ ਬਾਂਸਲ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਮਹੇਸ਼ ਕੁਮਾਰ ਲੋਟਾ ਅਤੇ ਭਾਰਤ ਭੂਸ਼ਣ ਘੋਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।