ਚੰਡੀਗੜ੍ਹ, 25 ਜਨਵਰੀ | ਪੰਜਾਬ ਵਿਚ ਅੱਜ ਇੱਕ ਵਾਰ ਫਿਰ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 72 ਘੰਟਿਆਂ ਤੱਕ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿਚ ਮਾਮੂਲੀ ਗਿਰਾਵਟ ਆਉਣ ਦਾ ਅਨੁਮਾਨ ਹੈ ਪਰ ਇਸ ਤੋਂ ਬਾਅਦ ਮੌਸਮ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਵੇਲੇ ਕੋਈ ਵੀ ਪੱਛਮੀ ਗੜਬੜੀ ਸਰਗਰਮ ਨਹੀਂ ਹੈ।

ਬੀਤੇ ਦਿਨ ਫ਼ਰੀਦਕੋਟ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਜਲੰਧਰ, ਕਪੂਰਥਲਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਵਿਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਐਤਵਾਰ ਨੂੰ ਵੀ ਜਾਰੀ ਰਹੇਗਾ ਪਰ ਇਸ ਤੋਂ ਬਾਅਦ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।

ਪੰਜਾਬ ਵਿਚ 29 ਜਨਵਰੀ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਇਸ ਪੱਛਮੀ ਗੜਬੜ ਦਾ ਅਸਰ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਵਿੱਚ ਦੇਖਣ ਨੂੰ ਮਿਲੇਗਾ। ਪਹਾੜੀ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਜੇਕਰ ਪਹਾੜਾਂ ‘ਚ ਠੰਢ ਵਧਦੀ ਹੈ ਤਾਂ ਉਥੋਂ ਮੈਦਾਨੀ ਇਲਾਕਿਆਂ ਵੱਲ ਆਉਣ ਵਾਲੀਆਂ ਹਵਾਵਾਂ ਕਾਰਨ ਇਸ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲੇਗਾ।