ਚੰਡੀਗੜ੍ਹ, 24 ਜਨਵਰੀ| ਅੱਜ ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਕਾਰਨ ਵਿਜ਼ੀਬਿਲਟੀ ਘੱਟ ਹੈ। ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਧੁੰਦ ਦੇ ਨਾਲ ਸੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਮੰਗਲਵਾਰ ਨੂੰ ਕੁਝ ਇਲਾਕਿਆਂ ‘ਚ ਧੁੱਪ ਨਿਕਲੀ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਚੰਡੀਗੜ੍ਹ ‘ਚ ਸੀਤ ਲਹਿਰ ਤੋਂ ਫਿਲਹਾਲ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਗੁਰਦਾਸਪੁਰ, ਤਰਨਤਾਰਨ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਪਟਿਆਲਾ ਵਿੱਚ ਰੈੱਡ ਅਲਰਟ ਹੈ। ਬਾਕੀ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਧੁੱਪ ਨਿਕਲੀ। ਇਸ ਕਾਰਨ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਦੇਖਿਆ ਗਿਆ। ਅੱਜ ਸੀਤ ਲਹਿਰ ਦੀ ਚੇਤਾਵਨੀ ਦਿਤੀ ਗਈ ਹੈ।

ਦੂਜੇ ਪਾਸੇ 25 ਜਨਵਰੀ ਤੋਂ ਹਿਮਾਚਲ ‘ਚ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਅੱਜ ਸਵੇਰੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਛਾਈ ਰਹੇਗੀ। ਦੁਪਹਿਰ ਤੱਕ ਧੁੱਪ ਨਿਕਲਣ ਦੀ ਸੰਭਾਵਨਾ ਹੈ। ਪੰਜਾਬ ‘ਚ ਅਗਲੇ 4 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਅਗਲੇ 2 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। 25 ਜਨਵਰੀ ਤੋਂ ਘੱਟੋ-ਘੱਟ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਇਸ ਦੌਰਾਨ ਸੰਘਣੀ ਧੁੰਦ ਵੀ ਪੈਣ ਦੀ ਸੰਭਾਵਨਾ ਰਹੇਗੀ।