ਜਲੰਧਰ | ਜਲੰਧਰ ਦੇ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘਾਂ ਵਿਚਾਲੇ ਖੂਨੀ ਝੜਪ ਹੋਈ ਤੇ ਦਸਤਾਰਾਂ ਲਾਹ ਦਿੱਤੀਆਂ ਗਈਆਂ। ਸੰਗਰਾਂਦ ਮੌਕੇ ਦੋਵੇਂ ਧਿਰਾਂ ਭਿੜੀਆਂ। ਪੈਸਿਆਂ ਨੂੰ ਲੈ ਕੇ ਝਗੜਾ ਹੋਇਆ। ਦੱਸ ਦਈਏ ਕਿ ਇਹ ਭੋਗਪੁਰ ਦੇ ਇਕ ਗੁਰਦੁਆਰਾ ਸਾਹਿਬ ਤੋਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਗੁਰਮੱਤ ਪ੍ਰਚਾਰ ਸਭਾ ਗੁਰੂ ਨਾਨਕ ਨਗਰ ਭੋਗਪੁਰ ਜਲੰਧਰ ਵਾਰਡ ਨੰਬਰ 6 ਵਿਖੇ ਸੰਗਰਾਦ ਮੌਕੇ ਲੰਗਰ ਹਾਲ ‘ਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ।

ਇਸ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਤਕ ਲੱਥ ਗਈਆਂ। ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਦੀ ਕਮੇਟੀ ਮੈਂਬਰਾਂ ਨਾਲ ਝੜਪ ਹੋਈ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕਾਲਾ ਬੱਕਰਾ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲਾ ਗੁਰਦੁਆਰਾ ਪ੍ਰਬੰਧਕ ਦੇ ਹੈੱਡ ਗ੍ਰੰਥੀ ਨੂੰ ਬਦਲਣ ਦਾ ਹੈ ਕਿਉਂਕਿ ਇਹ ਵਿਵਾਦ ਦੋਵਾਂ ਧਿਰਾਂ ‘ਚ ਕਈ ਦਿਨਾਂ ਦਾ ਚੱਲ ਰਿਹਾ ਹੈ, ਜਿਸ ਕਾਰਨ ਗੁਰਦੁਆਰਾ ਸਾਹਿਬ ਵਿਖੇ ਖ਼ੂਨੀ ਝੜਪ ਹੋ ਗਈ। ਹੈੱਡ ਗ੍ਰੰਥੀ ਸਿੰਘ ਦੀ ਦਸਤਾਰ ਵੀ ਲੱਥ ਗਈ ਤੇ ਕੇਸਾਂ ਨੂੰ ਵੀ ਪੁੱਟਿਆ ਗਿਆ। ਦੂਜੀ ਧਿਰ ਦੇ ਸਿਰ ‘ਤੇ ਵੀ ਸੱਟਾਂ ਲੱਗੀਆਂ। ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੂਜੀ ਧਿਰ ‘ਤੇ ਇਲਜ਼ਾਮ ਲਗਾਉਂਦੀਆਂ ਕਿਹਾ ਕਿ 2 ਮਹੀਨਿਆਂ ਦੀ ਤਨਖਾਹ ਅਜੇ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਹੰਸ ਰਾਜ ਨੇ ਦੱਸਿਆ ਕਿ ਅੱਜ ਜਦੋਂ ਪਿਛਲੇ ਮਹੀਨੇ ਦਾ ਹਿਸਾਬ ਮੰਗਿਆ ਤਾਂ ਗ੍ਰੰਥੀ ਨੇ ਹਿਸਾਬ ਨਹੀਂ ਦਿੱਤਾ। ਗ੍ਰੰਥੀ ਸਿੰਘ ਵਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਤੇ ਸਿਰ ‘ਤੇ ਸੱਟ ਮਾਰੀ ਗਈ। ਸਾਡੇ ਕੁਝ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਗ੍ਰੰਥੀ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਉਸ ਨੂੰ ਬਦਲਣ ਦੀ ਅਪੀਲ ਕੀਤੀ। ਦੂਜੇ ਪਾਸੇ ਐਸਐਚਓ ਸੁਖਜੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਐਮਐਲਆਰ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ, ਬਣਦੀ ਕਾਰਵਾਈ ਹੋਵੇਗੀ।