ਬਠਿੰਡਾ, 10 ਜਨਵਰੀ | ਸਿਰਸਾ ਜ਼ਿਲੇ ਦੇ ਡੱਬਵਾਲੀ ਸਬ-ਡਵੀਜ਼ਨ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਨੇੜੇ ਸ਼ੁੱਕਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਭਾਰਤਮਾਲਾ ਰੋਡ ‘ਤੇ ਸੰਘਣੀ ਧੁੰਦ ਕਾਰਨ ਡੱਬਵਾਲੀ ਤੋਂ ਬਠਿੰਡਾ ਜਾ ਰਹੀ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ‘ਚ ਕਾਰ ‘ਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਸਥਾਨਕ ਲੋਕਾਂ ਨੇ ਤੁਰੰਤ ਮਦਦ ਕੀਤੀ ਅਤੇ ਸਾਰੇ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਚਸ਼ਮਦੀਦਾਂ ਮੁਤਾਬਕ ਹਾਦਸੇ ਸਮੇਂ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਵਾਜਾਈ ਨੂੰ ਆਮ ਵਾਂਗ ਕਰਵਾਇਆ, ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਅਤੇ ਰਫ਼ਤਾਰ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ।

ਚਸ਼ਮਦੀਦਾਂ ਮੁਤਾਬਕ ਹਾਦਸੇ ਵਿਚ ਪੰਜ ਲੋਕਾਂ ਦੀ ਜਾਨ ਬਚ ਗਈ ਕਿਉਂਕਿ ਉਨ੍ਹਾਂ ਨੇ ਸੀਟ ਬੈਲਟ ਲਾਈ ਹੋਈ ਸੀ। ਜ਼ਖਮੀਆਂ ‘ਚੋਂ 3 ਲੋਕ ਪੂਰੀ ਤਰ੍ਹਾਂ ਬੇਹੋਸ਼ ਹਨ ਅਤੇ 2 ਲੋਕਾਂ ਦੇ ਸਿਰ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ। ਏਅਰਬੈਗ ਫੱਟਣ ਕਾਰਨ ਡਰਾਈਵਰ ਸੀਟ ਅਤੇ ਉਸ ਦੇ ਨਾਲ ਬੈਠਾ ਵਿਅਕਤੀ ਬੇਹੋਸ਼ ਹੋ ਗਿਆ। ਹਾਲਾਂਕਿ ਉਸ ਦੀ ਜਾਨ ਤਾਂ ਬਚ ਗਈ ਪਰ ਉਹ ਅਜੇ ਵੀ ਬੇਹੋਸ਼ ਹੈ। ਹਾਦਸੇ ਤੋਂ ਕੁਝ ਦੇਰ ਬਾਅਦ ਹੀ ਪੰਜਾਬ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)