ਜਲੰਧਰ ਦੇ ਗਦਈਪੁਰ ਇਲਾਕੇ ਵਿੱਚ ਨਹਿਰ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਨੇੜਲੀਆਂ ਕਾਲੋਨੀਆਂ ਵਿੱਚ ਦਾਖ਼ਲ ਹੋ ਗਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਮਿੱਟੀ ਨਾਲ ਭਰੀਆਂ ਬੋਰੀਆਂ ਅਤੇ ਕਰੇਨ ਦੀ ਮਦਦ ਨਾਲ ਟੁੱਟੇ ਬੰਨ੍ਹ ਨੂੰ ਪੂਰਾ ਕਰਕੇ ਪਾਣੀ ਦਾ ਰੁਖ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਪਾਣੀ ਘਰਾਂ ਵਿੱਚ ਨਹੀਂ ਵੜਿਆ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।

ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਨਹਿਰਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ। ਇਸੇ ਦਬਾਅ ਕਾਰਨ ਗਦਈਪੁਰ ਨੇੜੇ ਨਹਿਰ ਦਾ ਬੰਨ੍ਹ ਟੁੱਟ ਗਿਆ ਅਤੇ ਪਾਣੀ ਕਾਲੋਨੀਆਂ ਵੱਲ ਫੈਲ ਗਿਆ।

ਸਥਾਨਕ ਵਸਨੀਕ ਦੇਸਰਾਜ ਨੇ ਦੱਸਿਆ ਕਿ ਦੇਰ ਰਾਤ ਕਰੀਬ 11 ਵਜੇ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਲੋਕਾਂ ਨੇ ਮਿਲ ਕੇ ਤੁਰੰਤ ਰਾਹਤ ਕੰਮ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਰਾਤ ਦੌਰਾਨ ਦੋ ਥਾਵਾਂ ਤੋਂ ਬੰਨ੍ਹ ਟੁੱਟਿਆ ਸੀ, ਪਰ ਸਵੇਰ ਤੱਕ ਹਾਲਾਤ ਕਾਫ਼ੀ ਹੱਦ ਤੱਕ ਕਾਬੂ ਵਿੱਚ ਆ ਗਏ।

ਕਰੇਨ ਮਸ਼ੀਨ ਮਾਲਕ ਮੋਨੂ ਨੇ ਦੱਸਿਆ ਕਿ ਉਸ ਦੀ ਮਸ਼ੀਨ ਨੇੜੇ ਹੀ ਕੰਮ ਕਰ ਰਹੀ ਸੀ। ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਮਿੱਟੀ ਪਾ ਕੇ ਟੁੱਟੇ ਹੋਏ ਹਿੱਸਿਆਂ ‘ਤੇ ਅਸਥਾਈ ਬੰਨ੍ਹ ਬਣਾਉਣ ਦਾ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਥਾਵਾਂ ‘ਤੇ ਬੰਨ੍ਹ ਦੀ ਮੁਰੰਮਤ ਕਰ ਦਿੱਤੀ ਗਈ ਹੈ।

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਅਜਿਹੇ ਵਿੱਚ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਪ੍ਰਸ਼ਾਸਨ ਲਈ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਇੱਕ ਵੱਡੀ ਚੁਣੌਤੀ ਹੋ ਸਕਦੀ ਹੈ।