ਚੰਡੀਗੜ੍ਹ, 5 ਜਨਵਰੀ | ਕੈਨੇਡਾ ਸਰਕਾਰ ਨੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਲਈ ਪਰਮਾਨੈਂਟ ਰੈਜ਼ੀਡੈਂਸੀ ਸਪਾਂਸਰਸ਼ਿਪ ਲਈ ਨਵੀਆਂ ਅਰਜ਼ੀਆਂ ਨੂੰ ਅਸਥਾਈ ਤੌਰ ਉਤੇ ਬੰਦ ਕਰ ਦਿੱਤਾ ਹੈ। ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਇਸ ਸਾਲ ਸੁਪਰ ਵੀਜ਼ਾ ਪ੍ਰੋਗਰਾਮ ਤਹਿਤ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ, ਹਾਲਾਂਕਿ ਇਹ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ। ਵਿਭਾਗ ਅਨੁਸਾਰ ਇਸ ਸਕੀਮ ਤਹਿਤ ਪਿਛਲੇ ਸਾਲਾਂ ਤੋਂ ਉਡੀਕ ਸੂਚੀ ਵਿੱਚ ਪਈਆਂ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਇਸ ਸਾਲ ਦੇ ਅੰਤ ਤੱਕ ਕੀਤੇ ਜਾਣ ਦੇ ਯਤਨ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਸਥਾਈ ਤੌਰ ਉਤੇ ਰਹਿੰਦੇ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਸੀ ਕਿ ਉਹ ਪਰਿਵਾਰ ਮਿਲਨ ਪ੍ਰੋਗਰਾਮ ਤਹਿਤ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੇ ਨਾਨਾ ਨਾਨੀ ਨੂੰ ਪੱਕੇ ਤੌਰ ਉਤੇ ਕੈਨੇਡਾ ਸੱਦ ਸਕਦੇ ਹਨ। ਵਿਭਾਗ ਵੱਲੋਂ ਅਰਜ਼ੀਆਂ ਭਰਨ ਦੀ ਉਡੀਕ ਵਿਚ ਬੈਠੇ ਪੀਆਰ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤਹਿਤ ਆਪਣੇ ਕੋਲ ਰੱਖਣ ਨੂੰ ਪਹਿਲ ਦੇਣ। ਸੁਪਰ ਵੀਜ਼ੇ ਦੀ ਮਿਆਦ ਪਹਿਲਾਂ ਹੀ ਪੰਜ ਸਾਲ ਕਰ ਦਿੱਤੀ ਗਈ ਹੈ।

ਵਿਭਾਗ ਨੇ ਪੋਸਟ ਗਰੈਜੂਏਸ਼ਨ ਪ੍ਰੋਗਰਾਮ ਤਹਿਤ ਵਿਦੇਸ਼ਾਂ ਤੋਂ ਸੱਦੇ ਜਾਣ ਵਾਲੇ ਹੁਨਰਮੰਦ ਕਾਮਿਆਂ ਦੇ ਪੀਆਰ ਕੋਟੇ ਉਤੇ ਵੀ 20 ਫੀਸਦ ਕੱਟ ਲਾ ਕੇ 24500 ਕਰ ਦਿੱਤਾ ਹੈ। ਬੇਸ਼ੱਕ ਵਿਭਾਗ ਨੇ ਹਾਲ ਦੀ ਘੜੀ ਸਿਰਫ ਇਸ ਸਾਲ ਬਾਰੇ ਗੱਲ ਕੀਤੀ ਹੈ, ਪਰ ਵਿਭਾਗ ਦੇ ਅੰਦਰੂਨੀ ਸੂਤਰਾਂ ਅਨੁਸਾਰ ਇਹ ਰੋਕ, ਇਸ ਪ੍ਰੋਗਰਾਮ ਨੂੰ ਪੱਕੇ ਤੌਰ ’ਤੇ ਬੰਦ ਕਰਨ ਵੱਲ ਵਧਾਇਆ ਗਿਆ ਦੂਜਾ ਕਦਮ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਇਹ ਕਦਮ ਸਰਕਾਰ ਦੇ ਇਮੀਗ੍ਰੇਸ਼ਨ ਅਤੇ ਪਰਿਵਾਰਕ ਪੁਨਰ ਏਕੀਕਰਨ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਭ ਤੋਂ ਅਨੁਕੂਲ ਹੋਵੇਗਾ। ਇਸ ਤੋਂ ਇਲਾਵਾ, ਪੁਰਾਣੀਆਂ ਅਰਜ਼ੀਆਂ ਦੇ ਬੈਕਲਾਗ ਨੂੰ ਸਾਫ਼ ਕਰਨ ਲਈ ਹੋਰ ਇਮੀਗ੍ਰੇਸ਼ਨ ਸ਼੍ਰੇਣੀਆਂ ਵਿੱਚ ਨਵੀਆਂ ਸਪਾਂਸਰਸ਼ਿਪਾਂ ਨੂੰ ਵੀ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।

ਸਰਕਾਰ ਦੀ ਤਿੰਨ ਸਾਲਾਂ ਦੀ ਇਮੀਗ੍ਰੇਸ਼ਨ ਯੋਜਨਾ ਦੇ ਅਨੁਸਾਰ, ਸਮੁੱਚੀ ਇਮੀਗ੍ਰੇਸ਼ਨ ਘਟੇਗੀ, ਪਰ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਸਪਾਂਸਰਸ਼ਿਪ ਰਾਹੀਂ ਇਸ ਸਾਲ 24,000 ਤੋਂ ਵੱਧ ਲੋਕਾਂ ਨੂੰ ਦਾਖਲ ਕਰਨ ਦਾ ਟੀਚਾ ਹੈ। ਨਵੇਂ ਨਿਰਦੇਸ਼ਾਂ ਦੇ ਤਹਿਤ, 2024 ਵਿੱਚ ਪਰਿਵਾਰ ਪੁਨਰ ਏਕੀਕਰਨ ਪ੍ਰੋਗਰਾਮ ਰਾਹੀਂ ਵੱਧ ਤੋਂ ਵੱਧ 15,000 ਅਰਜ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। 2024 ਵਿੱਚ ਇਸ ਪ੍ਰੋਗਰਾਮ ਦੇ ਤਹਿਤ 35,700 ਲੋਕਾਂ ਨੂੰ ਅਰਜ਼ੀਆਂ ਦੇਣ ਲਈ ਚੁਣਿਆ ਗਿਆ ਸੀ। ਇਨ੍ਹਾਂ ਵਿੱਚੋਂ ਸਰਕਾਰ ਨੇ 20,500 ਅਰਜ਼ੀਆਂ ਸਵੀਕਾਰ ਕਰਨ ਦਾ ਟੀਚਾ ਰੱਖਿਆ ਸੀ। ਹਾਲਾਂਕਿ, 2023 ਦੇ ਅੰਤ ਤੱਕ 40,000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਪੈਂਡਿੰਗ ਸਨ।