ਟੋਰਾਂਟੋ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕੈਨੇਡਾ ਵਿਚ ਭਾਰਤੀ ਮੂਲ ਦੇ ਪਿਓ ਅਤੇ ਪੁੱਤਰ ਨੂੰ ਲੰਬੇ ਸਮੇਂ ਤੋਂ ਨਾਬਾਲਿਗ ਲੜਕੀਆਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਗੁਰਪ੍ਰਤਾਪ ਸਿੰਘ ਵਾਲੀਆ (56) ਅਤੇ ਸੁਮਿਤ ਵਾਲੀਆ (24) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਪਿਓ-ਪੁੱਤ ਕੈਲਗਰੀ ਵਿਚ ਇਕ ਹੇਡਨ ਕਨਵੀਨੀਐਂਸ ਸਟੋਰ ਚਲਾਉਂਦੇ ਸਨ, ਇਨ੍ਹਾਂ ’ਤੇ ਨਾਬਾਲਿਗ ਕੁੜੀਆਂ ਨੂੰ ਸਰੀਰਕ ਸਬੰਧਾਂ ਬਦਲੇ ਸ਼ਰਾਬ, ਸਿਗਰਟ ਅਤੇ ਨਸ਼ੀਲੇ ਪਦਾਰਥ ਮੁਹੱਈਆ ਕਰਵਾਉਣ ਦੇ ਇਲਜ਼ਾਮ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸੁਮਿਤ ਵਾਲੀਆ ‘ਤੇ ਨਾਬਾਲਗ ਦਾ ਜਿਨਸੀ ਸ਼ੋਸ਼ਣ, ਚਾਈਲਡ ਪੋਰਨੋਗ੍ਰਾਫੀ ਰੱਖਣ ਤੇ ਐਕਸੇਸ ਕਰਨ ਅਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਇਲਜ਼ਾਮ ਤਹਿਤ 7 ਮਾਮਲੇ ਦਰਜ ਕੀਤੇ ਗਏ ਹਨ। ਗੁਰਪ੍ਰਤਾਪ ਸਿੰਘ ਵਾਲੀਆ ’ਤੇ ਜਿਨਸੀ ਸ਼ੋਸ਼ਣ ਦੇ 4 ਮਾਮਲਿਆਂ ਸਣੇ ਨਾਬਾਲਗ ਨਾਲ ਛੇੜਛਾੜ ਦੇ ਇਲਜ਼ਾਮ ਹਨ। ਸੁਮਿਤ ਪਹਿਲਾਂ ਹੀ 2 ਜੂਨ ਨੂੰ ਅਦਾਲਤ ਵਿਚ ਪੇਸ਼ ਹੋ ਚੁੱਕਾ ਹੈ ਜਦਕਿ ਗੁਰਪ੍ਰਤਾਪ ਨੂੰ 22 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਹੈ। ਲੂਨਾ ਚਾਈਲਡ ਐਂਡ ਯੂਥ ਐਡਵੋਕੇਸੀ ਸੈਂਟਰ ਦੁਆਰਾ ਪੀੜਤਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਪੁਲਿਸ ਨੂੰ ਇਸ ਮਾਮਲੇ ਬਾਰੇ ਉਦੋਂ ਪਤਾ ਲੱਗਾ ਜਦੋਂ 13 ਸਾਲ ਦੀ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਕੈਲਗਰੀ ਪੁਲਿਸ ਸਰਵਿਸ ਚਾਈਲਡ ਐਬਿਊਜ਼ ਯੂਨਿਟ ਨੇ ਅਪ੍ਰੈਲ ਵਿਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਸੁਮਿਤ ਰਿਲੇਸ਼ਨਸ਼ਿਪ ਵਿਚ ਸਨ ਅਤੇ ਸੁਮਿਤ ਕਥਿਤ ਤੌਰ ‘ਤੇ ਉਸ ਨੂੰ ਸਰੀਰਕ ਸਬੰਧਾਂ ਬਦਲੇ ਸ਼ਰਾਬ, ਨਸ਼ੀਲੇ ਪਦਾਰਥ ਅਤੇ ਈ-ਸਿਗਰਟ ਮੁਹੱਈਆ ਕਰਵਾਉਂਦਾ ਸੀ। ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਸੰਬਰ 2022 ਅਤੇ ਮਈ 2023 ਦਰਮਿਆਨ ਪ੍ਰੀਮੀਅਰ ਲਿਕਰ ਵਾਈਨ ਐਂਡ ਸਪਿਰਿਟਸ ਵਿਖੇ ਵਾਪਰੀਆਂ, ਜੋ ਵਾਲੀਆ ਦੀ ਮਲਕੀਅਤ ਹੈ ਅਤੇ ਸਟੋਰ ਦੇ ਕੋਲ ਸਥਿਤ ਹੈ।
ਕੈਲਗਰੀ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਜਿਵੇਂ ਹੀ ਜਾਂਚ ਅੱਗੇ ਵਧਦੀ ਗਈ, ਅਧਿਕਾਰੀਆਂ ਨੂੰ ਪਤਾ ਲੱਗਾ ਕਿ ਪਿਤਾ ਅਤੇ ਪੁੱਤਰ ਜਿਨਸੀ ਸ਼ੋਸ਼ਣ ਦੇ ਬਦਲੇ ਕਈ ਹੋਰ ਲੜਕੀਆਂ ਨੂੰ ਭੰਗ ਅਤੇ ਸ਼ਰਾਮ ਮੁਹੱਈਆ ਕਰਵਾ ਰਹੇ ਸਨ। ਪੁਲਿਸ ਨੇ ਵੀਰਵਾਰ ਨੂੰ ਦੋਵੇਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੈਨਮਾਊਂਟ ਕਲੋਜ਼ ਦੇ 100 ਬਲਾਕ ਵਿਚ ਸਥਿਤ ਇਕ ਰਿਹਾਇਸ਼ ਦੀ ਤਲਾਸ਼ੀ ਲੈਣ ਤੋਂ ਬਾਅਦ 7 ਹਥਕੜੀਆਂ ਅਤੇ 975 ਗ੍ਰਾਮ ਕੋਕੀਨ ਬਰਾਮਦ ਕੀਤੀ, ਜਿਸ ਦੀ ਕੀਮਤ 97,500 ਕੈਨੇਡੀਅਨ ਡਾਲਰ ਹੈ। 2 ਸਟੋਰਾਂ ਦੀ ਤਲਾਸ਼ੀ ਦੌਰਾਨ ਚਾਈਲਡ ਪੋਰਨੋਗ੍ਰਾਫੀ, ਨਸ਼ੀਲੇ ਪਦਾਰਥ, ਤੰਬਾਕੂ, ਈ-ਸਿਗਰਟ ਦੇ ਕਾਰਤੂਸ, ਕੰਪਿਊਟਰ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ।