ਨਵੀਂ ਦਿੱਲੀ | ਦਿੱਲੀ ਦੀ ਸਾਕੇਤ ਅਦਾਲਤ ‘ਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਔਰਤ ਨੂੰ ਗੋਲੀ ਮਾਰੀ ਗਈ। ਇਸ ਦੌਰਾਨ ਚਾਰ ਰਾਊਂਡ ਫਾਇਰ ਕੀਤੇ। ਮੌਕੇ ‘ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਮਹਿਲਾ ਨੂੰ ਗੋਲੀ ਕਿਉਂ ਮਾਰੀ ਗਈ। ਜਾਣਕਾਰੀ ਮਿਲ ਰਹੀ ਹੈ ਕਿ ਹਮਲਾਵਰ ਵਕੀਲਾਂ ਦੇ ਭੇਸ ਵਿਚ ਆਏ ਸਨ। ਉਨ੍ਹਾਂ ਨੇ ਔਰਤ ਨੂੰ ਚਾਰ ਗੋਲੀਆਂ ਮਾਰੀਆਂ। ਔਰਤ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਏਮਜ਼ ਲਿਜਾਇਆ ਗਿਆ ਹੈ।

ਅਦਾਲਤ ਕੰਪਲੈਕਸ ਵਿਚ ਦਿਨ-ਦਿਹਾੜੇ ਵਾਪਰੀ ਇਸ ਘਟਨਾ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੋਈ ਅਪਰਾਧੀ ਹਥਿਆਰਾਂ ਸਮੇਤ ਅਦਾਲਤ ਵਿਚ ਦਾਖ਼ਲ ਕਿਵੇਂ ਹੋ ਸਕਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤਕ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।

ਘਟਨਾ ਤੋਂ ਬਾਅਦ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਜ਼ਖਮੀ ਔਰਤ ਅਦਾਲਤ ਕੰਪਲੈਕਸ ਤੋਂ ਬਾਹਰ ਜਾ ਰਹੀ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।