ਅੰਮ੍ਰਿਤਸਰ | ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਚੋਣਾਂ ਤੋਂ ਇਕ ਦਿਨ ਬਾਅਦ ਇਕ ਤਸਕਰ ਦੇ ਘਰ ਛਾਪਾ ਮਾਰ ਕੇ 2 ਕਰੋੜ ਰੁਪਏ ਜ਼ਬਤ ਕੀਤੇ ਹਨ। ਬੀਐਸਐਫ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕੱਕੜ ਪਿੰਡ ਵਿਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

ਬੀਐਸਐਫ ਅਧਿਕਾਰੀਆਂ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਰਹੱਦ ਪਾਰੋਂ ਨਸ਼ਾ ਤਸਕਰੀ ਵਿਚ ਸ਼ਾਮਲ ਇਕ ਸ਼ੱਕੀ ਤਸਕਰ ਦੇ ਘਰ ਤਲਾਸ਼ੀ ਮੁਹਿੰਮ ਚਲਾਈ ਗਈ। ਛਾਪੇਮਾਰੀ ਦੌਰਾਨ ਸ਼ੱਕੀ ਦੇ ਘਰੋਂ ਕਰੀਬ 2 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਅੱਗੇ ਕਰੰਸੀ ਦੀ ਗਿਣਤੀ ਅਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਇਹ ਬਰਾਮਦਗੀ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਖ਼ਤਮ ਕਰਨ ਲਈ ਫੋਰਸ ਦੀ ਮਜ਼ਬੂਤ ​​ਵਚਨਬੱਧਤਾ ਨੂੰ ਦਰਸਾਉਂਦੀ ਹੈ।