ਜਲੰਧਰ। ਜਲੰਧਰ ਦੇ ਸੇਮੀ ਪਿੰਡ ਵਿਚ ਮੰਗਲਵਾਰ ਨੂੰ ਧਾਰਮਿਕ ਸਥਾਨ ਦੇ ਇਕ ਸੇਵਾਦਾਰ ਦਾ ਬਿਨਾਂ ਸਿਰ ਤੋਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਸੇਵਾਦਾਰ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸਦੇ ਸਿਰ ਤੇ ਗਲੇ ਉਤੇ ਤੇਜਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਹਨ। ਸੇਵਾਦਾਰ ਦਾ ਮੱਥਾ ਬੁਰੀ ਤਰ੍ਹਾਂ ਖੁੱਲ੍ਹ ਚੁੱਕਾ ਸੀ। ਸੂਚਨਾ ਮਿਲਣ ਉਤੇ ਪੁਲਿਸ ਨੇ ਜਾਂਚ-ਪੜਤਾਲ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸੇਵਾਦਾਰ ਦੇ ਕਤਲ ਦਾ ਪਤਾ ਉਦੋਂ ਲੱਗਾ ਜਦੋਂ ਪਿੰਡ ਵਿਚ ਰਹਿਣ ਵਾਲਾ ਹਰਵਿੰਦਰ ਸਿੰਘ ਧਾਰਮਿਕ ਸਥਾਨ ਉਤੇ ਮੱਥਾ ਟੇਕਣ ਪੁੱਜਾ। ਇਸ ਦੌਰਾਨ ਉਸਨੇ ਉਥੇ ਸੇਵਾਦਾਰ ਦਾ ਖੂਨ ਨਾਲ ਲੱਥਪੱਥ ਧੜ ਦੇਖਿਆ।

ਮ੍ਰਿਤਕ ਦੀ ਪਛਾਣ 55 ਸਾਲਾ ਜਗਦੀਸ਼ ਲਾਲ ਉਰਫ ਜੁੰਮੇ ਸ਼ਾਹ ਵਜੋਂ ਹੋਈ ਹੈ। ਉਹ ਪਿੰਡ ਦੇ ਹੀ ਗੌਂਸਪਾਕ ਸਰਕਾਰ ਦੇ ਦਰਬਾਰ ਵਿਚ ਸੇਵਾ ਕਰਦਾ ਸੀ ਤੇ ਉਥੇ ਹੀ ਰਹਿੰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪਤਾਰਾ ਦੀ ਪੁਲਿਸ ਟੀਮ ਮੌਕੇ ਉਤੇ ਪੁੱਜੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਦੁਪਹਿਰ ਤੱਕ ਪੁਲਿਸ ਨੇੜੇ-ਤੇੜੇ ਦੇ ਸੀਸੀਟੀਵੀ ਖੰਗਾਲ ਰਹੀ ਸੀ ਤਾਂ ਕਿ ਕਤਲ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ। ਥਾਣਾ ਪਤਾਰਾ ਦੀ ਮੁਖੀ ਅਰਸ਼ਦੀਪ ਕੌਰ ਨੇ ਦੱਸਿਆ ਕਿ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਧਾਰਮਿਕ ਸਥਾਨ ਤੋਂ ਕੋਈ ਵੀ ਸਾਮਾਨ ਚੋਰੀ ਨਹੀਂ ਹੋਇਆ, ਜਿਸ ਤੋਂ ਲੱਗੇ ਕਿ ਇਹ ਲੁੱਟ ਦੀ ਵਾਰਦਾਤ ਹੈ।