ਕਪੂਰਥਲਾ | ਕਾਂਗਰਸੀ MLA ਸੁਖਪਾਲ ਖਹਿਰਾ ‘ਤੇ ਪਰਚਾ ਦਰਜ ਹੋ ਗਿਆ ਹੈ। SDM ਦੀ ਸ਼ਿਕਾਇਤ ‘ਤੇ ਥਾਣਾ ਭੁਲੱਥ ਵਿਚ ਐਫਆਈਆਰ ਦਰਜ ਹੋਈ। ਭੁਲੱਥ ਦੇ ਐੱਸਡੀਐੱਮ ਨਾਲ ਬਦਸਲੂਕੀ ਮਾਮਲੇ ‘ਚ ਕਪੂਰਥਲਾ ਦੇ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਭੇਜੀ ਸ਼ਿਕਾਇਤ ‘ਚ ਐੱਸਡੀਐੱਮ ਭੁਲੱਥ ਸੰਜੀਵ ਸ਼ਰਮਾ ਨੇ ਕਿਹਾ ਸੀ ਕਿ 29 ਮਾਰਚ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਮਰਥਕਾਂ ਸਮੇਤ ਸਬ-ਡਵੀਜ਼ਨਲ ਮੈਜਿਸਟ੍ਰੇਟ ਦਫ਼ਤਰ ਕੰਪਲੈਕਸ ਦਾ ਘਿਰਾਓ ਕੀਤਾ ਸੀ। ਇਸ ਦੌਰਾਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਪ੍ਰਤੀ ਹਰ ਤਰ੍ਹਾਂ ਦੀ ਬੇਤੁਕੀ ਟਿੱਪਣੀ ਕੀਤੀ।

ਇਸ ਤੋਂ ਇਲਾਵਾ ਖਹਿਰਾ ਨੇ ਫੇਸਬੁੱਕ ‘ਤੇ ਲਾਈਵ ਹੁੰਦੇ ਹੋਏ ਐੱਸ. ਡੀ. ਐੱਮ. ਭੁਲੱਥ ਸੰਜੀਵ ਸ਼ਰਮਾ ਨੂੰ ਬੇਇੱਜ਼ਤ ਕਰਨ ਅਤੇ ਬੇਲੋੜੇ ਸਵਾਲ ਪੁੱਛਦੇ ਹੋਏ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਐੱਸਡੀਐੱਮ ਭੁਲੱਥ ਸੰਜੀਵ ਸ਼ਰਮਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਦੇ ਦਫ਼ਤਰ ਦੇ ਦਿਸ਼ਾ -ਨਿਰਦੇਸ਼ਾਂ ‘ਤੇ ਥਾਣਾ ਭੁਲੱਥ ਵਿਖੇ ਖਹਿਰਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।