ਚੰਡੀਗੜ੍ਹ | ਪੰਜਾਬ ‘ਚ ਅੰਮ੍ਰਿਤਪਾਲ ਖਿਲਾਫ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨੂੰ ਖਾਲਿਸਤਾਨੀਆਂ ਨੇ ਧਮਕੀ ਦਿੱਤੀ ਹੈ। ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਗਈਆਂ ਤੇ ਗਾਲੀ ਗਲੋਚ ਕੀਤਾ ਗਿਆ। ਸੀਰਤ ਭਗਵੰਤ ਮਾਨ ਦੀ ਪਹਿਲੀ ਪਤਨੀ ਦੀ ਬੇਟੀ ਹੈ। ਉਹ ਅਮਰੀਕਾ ‘ਚ ਮਾਂ ਅਤੇ ਭਰਾ ਦਿਲਸ਼ਾਨ ਨਾਲ ਰਹਿੰਦੀ ਹੈ। ਮਾਨ ਆਪਣੀ ਪਹਿਲੀ ਪਤਨੀ ਤੋਂ ਤਲਾਕਸ਼ੁਦਾ ਹੈ।

ਇਸ ਧਮਕੀ ਦਾ ਖੁਲਾਸਾ ਸੀਰਤ ਕੌਰ ਦੇ ਪਰਿਵਾਰਕ ਵਕੀਲ ਹਰਮੀਤ ਕੌਰ ਬਰਾੜ ਨੇ ਕੀਤਾ ਹੈ। ਉਸ ਨੇ ਆਪਣੀ ਫੇਸਬੁੱਕ ਵਾਲ ‘ਤੇ ਲਿਖਿਆ ਕਿ ਖਾਲਿਸਤਾਨੀ ਬੁੱਧਵਾਰ ਨੂੰ ਗੰਦੇ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰ ਕੇ ਗਾਲ੍ਹਾਂ ਕੱਢ ਕੇ ਖਾਲਿਸਤਾਨ ਲੈਣਾ ਚਾਹੁੰਦੇ ਹਨ।

ਐਡਵੋਕੇਟ ਹਰਮੀਤ ਕੌਰ ਬਰਾੜ ਨੇ ਪੋਸਟ ‘ਚ ਲਿਖਿਆ- ਕੀ ਤੁਸੀਂ ਮਾੜੇ ਸੁਭਾਅ ਵਾਲੇ ਪੈਦਾ ਹੋਏ ਸੀ ਜਾਂ ਇਸ ਸਦੀ ‘ਚ ਹੋਏ ਸੀ। ਬੈਠ ਕੇ ਸੋਚਣਾ ਕਦੇ ਤੁਸੀਂ ਸੋਸ਼ਲ ਮੀਡੀਆ ‘ਤੇ ਕਹਿੰਦੇ ਹੋ ਕਿ ਅਮਰੀਕਾ ‘ਚ ਭਗਵੰਤ ਮਾਨ ਦੇ ਬੱਚਿਆਂ ਨੂੰ ਘੇਰੋ। ਕਈ ਵਾਰ ਉਥੇ ਗੁਰੂ ਘਰਾਂ ‘ਚ ਮਤੇ ਪਾਸ ਕਰ ਰਹੇ ਹੁੰਦੇ ਹੋ। ਕੱਲ ਤਾਂ ਹੱਦ ਹੋ ਗਈ, ਜਦੋਂ ਭਗਵੰਤ ਮਾਨ ਦੀ ਧੀ ਨੂੰ ਫੋਨ ‘ਤੇ ਗਾਲ੍ਹਾਂ ਕੱਢੀਆਂ।

ਭਗਵੰਤ ਮਾਨ ਨੂੰ ਘੇਰੋ। ਉਨ੍ਹਾਂ ਨੂੰ ਗਾਲ੍ਹਾਂ ਕੱਢੋ, ਜਿਨ੍ਹਾਂ ਨੇ ਤੁਹਾਡਾ ਕੁੱਝ ਵਿਗਾੜਿਆ ਹੈ। ਕਿਹੜਾ ਖਾਲਿਸਤਾਨ ਬੱਚਿਆਂ ਨੂੰ ਡਰਾ ਕੇ ਹਾਸਿਲ ਕੀਤਾ ਜਾਵੇਗਾ। ਇੱਕ ਹੱਦ ਹੁੰਦੀ ਹੈ, ਮੈਨੂੰ ਲੱਗਦਾ ਹੈ ਕਿ ਅਜਿਹੇ ਦੇਸ਼ ਵਿੱਚ ਕੋਈ ਵੀ ਚੰਗਾ ਵਿਅਕਤੀ ਤੁਹਾਡੇ ਵਰਗੇ ਲੋਕਾਂ ਨਾਲ ਨਹੀਂ ਰਹਿਣਾ ਚਾਹੇਗਾ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਸਿੱਖ ਧਰਮ ਅਜਿਹਾ ਕੁਝ ਨਹੀਂ ਸਿਖਾਉਂਦਾ। ਤੁਸੀਂ ਲੋਕ ਯਕੀਨਨ ਸਿੱਖ ਨਹੀਂ ਹੋ।

ਪਤਾ ਲੱਗਾ ਹੈ ਕਿ ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ਵਿਚ ਰਹਿ ਰਹੇ ਭਗਵੰਤ ਮਾਨ ਦੇ ਦੋ ਬੱਚਿਆਂ ਸੀਰਤ ਕੌਰ ਮਾਨ ਅਤੇ ਬੇਟੇ ਦਿਲਸ਼ਾਨ ਨੂੰ ਵੀ ਘੇਰਾ ਪਾਉਣ ਦੀ ਯੋਜਨਾ ਬਣਾਈ ਹੈ। ਖਾਲਿਸਤਾਨੀਆਂ ਨੇ ਅਮਰੀਕਾ ਦੇ ਇੱਕ ਗੁਰਦੁਆਰੇ ਦੀ ਘੇਰਾਬੰਦੀ ਕਰਨ ਦਾ ਮਤਾ ਵੀ ਪਾਸ ਕੀਤਾ ਹੈ।