ਚੰਡੀਗੜ੍ਹ, 4 ਮਾਰਚ | ਮੋਹਾਲੀ ਦੇ ਲਖਨੌਰ ‘ਚ ਕੌਸ਼ਲ ਗੈਂਗ ਤੇ ਸਪੈਸ਼ਲ ਸੈੱਲ ਦਰਮਿਆਨ ਮੁਕਾਬਲਾ ਹੋਇਆ, ਜਿਸ ‘ਚ ਗੈਂਗਸਟਰ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਪੁਲਿਸ ਦੀ ਗੋਲੀ ਗੈਂਗਸਟਰ ਦੀ ਲੱਤ ‘ਚ ਜਾ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਬ੍ਰਿਜੇਸ਼ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਹਿਰਾਸਤ ‘ਚ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਗੈਂਗਸਟਰ ਬ੍ਰਿਜੇਸ਼ ਖ਼ਿਲਾਫ਼ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕੌਸ਼ਲ ਗੈਂਗ ਦਾ ਮੁੱਖ ਗੈਂਗਸਟਰ ਬ੍ਰਿਜੇਸ਼ ਫੜਿਆ ਗਿਆ ਹੈ। ਇਹ ਗੈਂਗਸਟਰ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ‘ਚ ਪੁਲਿਸ ‘ਤੇ ਹੋਈ ਗੋਲੀਬਾਰੀ ‘ਚ ਵੀ ਸ਼ਾਮਲ ਸੀ। ਇਸ ਗੈਂਗਸਟਰ ਵਿਰੁੱਧ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ‘ਚ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਕਈ ਮਾਮਲਿਆਂ ‘ਚ ਲੋੜੀਂਦਾ ਵੀ ਹੈ।
ਮੋਹਾਲੀ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਬਾਈਕ ‘ਤੇ ਸਵਾਰ ਇਕ ਗੈਂਗਸਟਰ ਲਖਨੌਰ ਵੱਲ ਆ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਉੱਥੇ ਪਹੁੰਚੀ ਅਤੇ ਗੈਂਗਸਟਰ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਪਰ ਉਸ ਨੇ ਰੁਕਣ ਦੀ ਬਜਾਏ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਇਸ ਫਾਇਰਿੰਗ ਵਿੱਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ। ਇਸ ਤੋਂ ਬਾਅਦ ਉਹ ਬਾਈਕ ਤੋਂ ਹੇਠਾਂ ਡਿੱਗ ਗਿਆ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।