ਤਰਨਤਾਰਨ, 27 ਸਤੰਬਰ | ਖਡੂਰ ਸਾਹਿਬ ਤੋਂ AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ SSP ਨੂੰ ਲਲਕਾਰਿਆ ਤੇ ਗੰਭੀਰ ਇਲਜ਼ਾਮ ਲਗਾਏ। ਵਿਧਾਇਕ ਲਾਲਪੁਰਾ ਨੇ ਤਰਨਤਾਰਨ ਦੇ ਐਸਐਸਪੀ ਉਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਹਨ ਤੇ ਕਿਹਾ ਤਰਨਤਾਰਨ ਪੁਲਿਸ ਬਿਨਾਂ ਪੈਸੇ ਲਏ ਕੋਈ ਕੰਮ ਨਹੀਂ ਕਰਦੀ। ਮੇਰੇ ਰਿਸ਼ਤੇਦਾਰ ਉਤੇ ਝੂਠਾ ਪਰਚਾ ਪਾਇਆ ਤੇ ਕਿਹਾ ਕਿ ਮੈਂ ਆਪਣੀ ਸਕਿਓਰਿਟੀ ਵਾਪਸ ਭੇਜ ਦਿੱਤੀ ਹੈ।

ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਪਾ ਕੇ ਸਿੱਧੀ ਚੁਣੌਤੀ ਦੇ ਦਿੱਤੀ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਐੱਸਐੱਸਪੀ ਵੱਲੋਂ ਮਹੀਨਾ ਲੈ ਕੇ ਅਧਿਕਾਰੀ ਲਗਾਏ ਗਏ ਹਨ। ਵਿਧਾਇਕ ਵੱਲੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ’ਤੇ ਝੂਠਾ ਪਰਚਾ ਦਰਜ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਇਸ ਸਬੰਧੀ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਵਿਧਾਇਕ ਵੱਲੋਂ ਸਿਰਫ ਦੋਸ਼ ਲਗਾਏ ਗਏ ਹਨ। ਇਸਦਾ ਜਵਾਬ ਉਹ ਨਹੀਂ ਦੇਣਗੇ। ਰਿਸ਼ਤੇਦਾਰੀ ਦੀ ਗ੍ਰਿਫਤਾਰੀ ਬਾਰੇ ਐੱਸਐੱਸਪੀ ਨੇ ਕਿਹਾ ਕਿ ਮਾਈਨਿੰਗ ਦੀ ਸੂਚਨਾ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਫੜ੍ਹੇ ਗਏ ਲੋਕਾਂ ’ਚ ਵਿਧਾਇਕ ਦਾ ਰਿਸ਼ਤੇਦਾਰ ਸ਼ਾਮਲ ਹੈ। ਬੁੱਧਵਾਰ ਸਵੇਰੇ ਕਰੀਬ 10 ਵਜੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਫੇਸਬੁੱਕ ’ਤੇ ਪੋਸਟ ਸਾਂਝੀ ਕੀਤੀ।