‘ਮੈਂ ਤੇ ਉਹ’ ਸਿਮਰਨ ਅਕਸ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾ ਅਕਸ ਕਵਿਤਾ ਲਿਖਦੀ ਹੈ ਸਿਮਰਨ ਅਕਸ ਦੇ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਉਸ ਦੀ ਕਵਿਤਾ ਵਰਗੀਆਂ ਹੀ ਲੱਗਦੀਆਂ ਨੇ, ਅਕਸ ਦੀ ਕਵਿਤਾ ਕਹਾਣੀ ਤੇ ਕਹਾਣੀ ਕਵਿਤਾ ਲੱਗਦੀ ਹੈ। ਸਿਮਰਨ ਅਕਸ ਭੁੱਖ ਖ਼ਤਰ ਪੜ੍ਹਾਉਣ ਜਾਂਦੀ ਰਾਹ ਵਿਚ ਹਰ ਦ੍ਰਿਸ਼ ਤੇ ਸਮਾਜ ਨੂੰ ਬੜੀ ਨੀਝ ਨਾਲ ਦੇਖਦੀ ਹੈ ਕਿਉਂਕਿ ਉਹ ਪੱਤਰਕਾਰੀ ਦੀ ਪੜ੍ਹਾਈ ਪੜ੍ਹੀ ਹੈ ਸਮਾਜ ਦੇ ਵਿਚ ਜੋ ਵਾਵਰੋਲਿਆ ਵਾਂਗ ਘਟਨਾਵਾਂ ਉੱਡਦੀਆਂ ਨੇ ਅਕਸ ਉਹਨਾਂ ਨੂੰ ਫੜ੍ਹਨ ਦਾ ਯਤਨ ਕਰਦੀ ਹੈ ਤੇ ਕਹਾਣੀ ਨੂੰ ਜਨਮ ਦਿੰਦੀ ਹੈ। ਅਕਸ ਦੀ ‘ਮਾਈ ਮੋਹਣੀ’ ਕਹਾਣੀ ਪੜ੍ਹਦਿਆਂ ਅਕਸ ਦੇ ਮਨੋਵਿਗਿਆਨੀ ਡਾਕਟਰ ਹੋਣ ਦਾ ਸੰਦੇਹ ਜਿਹਾ ਹੁੰਦਾ ਹੈ। ਇਸ ਕਹਾਣੀ ਵਿਚ ਉਹ ਕਹਾਣੀ ਦੀ ਮੇਨ ਪਾਤਰ ਮੋਹਣੀ ਤੇ ਉਸ ਦੀ ਸ਼ਮਿੰਦਰ ਪ੍ਰਤੀ ਜੋ ਧੂਹ ਹੈ ਉਸ ਨੂੰ ਬਾਖੂਬੀ ਤਰੀਕੇ ਨਾਲ ਫੜ੍ਹਨ ਦੀ ਕੋਸ਼ਿਸ਼ ਕੀਤੀ ਤੇ ਸਫ਼ਲ ਹੋਈ ਹੈ। ‘ਗੁੱਡੀ’ ਕਹਾਣੀ ਜ਼ਰੀਏ ਉਸ ਨੇ ਸਮਾਜ ਵਿਚ ਚਿਰਾਂ ਤੋਂ ਹੁੰਦੇ ਆ ਰਹੇ ਜਾਤੀ ਵਿਤਕਰੇ ਦੀ ਗੱਲ ਕੀਤੀ ਹੈ ਅਕਸ ਨੂੰ ਮਹੁੱਬਤ ਕਰਨੀ ਆਉਂਦੀ ਹੈ ਸ਼ਾਇਦ ਇਸੇ ਲਈ ਉਸ ਦੇ ਪਾਤਰਾਂ ‘ਚੋਂ ਮਹੁਬੱਤ ਕਦੇ ਮਨਫ਼ੀ ਨਹੀਂ ਹੋਈ। ਇਸ ਤਰ੍ਹਾਂ ਅਕਸ ਦੀ ਇਕ ਕਹਾਣੀ ‘ਮੈਂ ਤੇ ਉਹ’ ਹੈ ਇਹ ਕਹਾਣੀ ਭਾਵਨਾਵਾਂ ਨਾਲ ਭਰੀ ਪਈ ਹੈ ਇਕ ਪਾਤਰ ਸਿੰਕਦਰ ਆਪਣੀ ਜ਼ਿੰਦਗੀ ਵਿਚ ਕਿਸ-ਕਿਸ ਜਗ੍ਹਾ ਠੇਢੇ ਖਾਂਦਾ ਆਖਰ ਕਹਾਣੀਕਾਰ ਦੇ ਘਰ ਦਾ ਹੀ ਵਸ਼ਿੰਦਾ ਬਣ ਜਾਂਦਾ ਹੈ। ‘ਕੱਚੇ ਧਾਂਗਿਆ ਦੇ ਰਿਸ਼ਤੇ’ ਹਰ ਦੂਜੇ ਤੀਜੇ ਬੰਦੇ ਦੀ ਕਹਾਣੀ ਹੈ ਮਨ ਵਿਚ ਉੱਗਦੀਆਂ ਕੋੜੀਆਂ ਵੇਲ਼ਾ ਕਦ ਕੁੜੱਤਣ ਮਾਰਨ ਲੱਗ ਪੈਂਦੀਆਂ ਨੇ ਫਿਰ ਉਹ ਰਿਸ਼ਤਿਆਂ ਨੂੰ ਬਕ ਬਕਾ ਬਣਾ ਦਿੰਦੀਆਂ ਨੇ ਪਤਾ ਨਹੀਂ ਲੱਗਦਾ ਇਹਨਾਂ ਵੇਲਾ ਜ਼ਰੀਏ ਕਈ ਸਮਾਜਿਕ ਰਿਸ਼ਤੇ ਰੇਤ ਵਾਂਗ ਹੱਥ ‘ਚੋਂ ਕਿਰ ਜਾਂਦੇ ਹਨ। ਸੋ ਸਿਮਰਨ ਦੇ ਸੰਵੇਦਨਸ਼ੀਲ ਮਨ ਨੂੰ ਜਿਸ ਘਟਨਾ ਨੇ ਵੀ ਹਲੂਣਿਆ ਉਸ ਨੇ ਉਸ ਘਟਨਾ ਨੂੰ ਕਹਾਣੀ ਬਣਾ ਦਿੱਤਾ ਇਸੇ ਲਈ ਸਿਮਰਨ ਅਕਸ ਦਾ ਇਹ ਕਹਾਣੀ ਸੰਗ੍ਰਹਿ ਪੜ੍ਹਨ ਲਈ ਮਜ਼ਬੂਰ ਕਰਦਾ ਹੈ।
ਲੇਖਕ- ਸਿਮਰਨ ਅਕਸ
ਪ੍ਰਕਾਸ਼ਕ-  ਕੈਫੇ ਵਰਲਡ
ਪੰਨੇ-118
ਮੁੱਲ-125