ਅਰਜੋਈਆਂ’ ਅਰਜ਼ਪ੍ਰੀਤ ਦੇ ਪਹਿਲਾ ਕਾਵਿ ਸੰਗ੍ਰਹਿ ਹੈ। ਅਰਜ਼ਪ੍ਰੀਤ ਪੰਜਾਬ ਦਾ ਵਾਸਿੰਦਾ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰ ਰਿਹਾ ਹੈ। ਅਤੇ ਉਹ ਆਪਣੀਆਂ ਕਵਿਤਾਵਾਂ ਰਾਹੀਂ ਮੌਜੂਦਾ ਪੰਜਾਬ ਦੇ ਹਾਲਾਤਾਂ ਦੀ ਬਿਆਨਾਕਾਰੀ ਬੜੀ ਪਾਰਦਰਸ਼ਤਾ ਦੇ ਨਾਲ ਕਰਦਾ ਹੈ ਕਿ ਉਹ ਚੜਦੇ ਪੰਜਾਬ ਤੋਂ ਢਲਦੇ ਪੰਜਾਬ ਦੀ ਦਾਸਤਾਨ ਲਿਖਣ ਤੋਂ ਝਿਜਕਦਾ ਨਹੀ। ਅਰਜ਼ ਕਵਿਤਾ ਦੇ ਨਾਲ-ਨਾਲ ਹੋ ਤੁਰਦਾ ਹੈ। ਉਹ ਹਰ ਲਫ਼ਜ ਤੋਂ ਜਾਣੂ ਹੋ ਕੇ ਉਸਨੂੰ ਪੰਨਿਆ ‘ਤੇ ਉਤਾਰਦਾ ਹੈ। ਕਵਿਤਾਵਾਂ ਦੀ ਰੂਪ-ਰੇਖਾ ਉਸਦੇ ਹੱਥਾਂ ਦੀਆਂ ਲਾਇਨਾਂ ਨਾਲ ਮਿਲਦੀ ਪ੍ਰਤੀਤ ਹੁੰਦੀ ਹੈ।ਉਹ ਇਸ ਖੇਤਰ ਵਿਚ ਨਵਾਂ ਜ਼ਰੂਰ ਹੈ ਪਰ ਲੱਗਦਾ ਨਹੀਂ, ਇੰਝ ਲੱਗਦਾ ਹੈ ਜਿਵੇਂ ਕਵਿਤਾ ਨਾਲ ਉਸਦੀ ਸਾਂਝ ਬਹੁਤ ਪੁਰਾਣੀ ਹੋਵੇ। ਅਰਜ਼ ਦੀ ਕਵਿਤਾ ਲੋਕਾਈ ਦੇ ਸਮੁੱਚੇ ਦਰਦ ਦੀ ਗੱਲ ਕਰਦੀ ਹੈ। ਅਰਜ਼ ਨੇ ਬਹੁਤ ਛੋਟੀ ਉਮਰ ਵਿਚ ਸਮਕਾਲ ਦੀ ਕਵਿਤਾ ਦੇ ਹਾਣ ਦੀ ਗੱਲ ਕੀਤੀ ਹੈ। ਉਸ ਦੀ ਕਵਿਤਾ ਦੇਖੋ।
ਤੇਰੀ ਖੈਰ ਮੰਗਾਂ ਸੱਚੇ ਰੱਬ ਕੋਲੋਂ।
ਤਤੜੀ ਜਿਉਂਦੇ ਜੀਅ ਤੂੰ ਮਾਰੀ ਵੇ।
ਮੇਰਾ ਦਾਮਨ ਫਿਕੜਾ ਕਰ ਛੱਡਿਆ।
ਕੋਈ ਰੰਗ ਨਾਂ ਲਾਇਆ ਲਲਾਰੀ ਵੇ।
ਮੇਰੀ ਡੋਰ ਐ ਹੱਥਾਂ ਤੇਰਿਆਂ ਵਿਚ।
ਜਿਵੇਂ ਕਠਪੁਤਲੀ ਹੱਥ ਮਦਾਰੀ ਵੇ।
ਤੂੰ ਆਵੇ ਨਾ ਮੈਂ ਥੱਕਦੀ ਨਾ।
ਬੈਠ ਉਡੀਕਾਂ ਖੋਲ੍ਹ ਕੇ ਬਾਰੀ ਵੇ।
ਮੇਰੀ ਰੁੱਲੀ ਜਵਾਨੀ ਰਾਹਾਂ ਵਿਚ।
ਜਿਵੇਂ ਭਟਕੇ ਕੋਈ ਭੰਬੀਰੀ ਵੇ।
ਮੈਂ ਤੈਥੋਂ ਬਾਹਰ ਨੀ ਜਾ ਸਕਦੀ।
ਪੈਰੀ ਬੰਨੀ ਐਸੀ ਜੰਜੀਰੀ ਵੇ।
ਮੇਰੇ ਬਾਗ਼ੀ ਰੁੱਖ ਵੀ ਸੜ ਗਏ।
ਨਾਲੇ ਸੁੱਕੀ ਨਵੀਂ ਪਨੀਰੀ ਵੇ।
ਵੇ ਮੈਂ ਰੋਵਾਂ ਤੇ ਕੁਰਲਾਵਾਂ ਵੀ।
ਜਿਵੇ ਕੂਕਦੀ ਫਿਰੇ ਟਟੀਰੀ ਵੇ।
‘ਅਰਜੋਈਆ’ ਕਿਤਾਬ ਸਾਹਿਤ ਦੇ ਖੇਤਰ ਵਿਚ ਮੀਲ ਪੱਥਰ ਦਾ ਕੰਮ ਕਰਦੀ ਹੈ। ਅਰਜ਼ਪ੍ਰੀਤ ਦੀ ਸ਼ੈਲੀ ਨਿਵੇਕਲੀ ਹੈ। ਅਰਜ਼ ਦੀ ਮਹੁੱਬਤ ਇਕ ਦਿਸ਼ਾ ਵੱਲ ਨਹੀਂ ਹੈ. ਉਹ ਆਪਣੀਆਂ ਕਵਿਤਾਵਾਂ ਵਿਚੋਂ ਸਮੁੱਚਤਾ ਦੀ ਗੱਲ ਕਰਦਾ ਹੈ। ਗੁਰਦਾਸ ਜ਼ਿਲ੍ਹੇ ਦਾ ਜੰਮਿਆਂ ਇਹ ਸ਼ਾਇਰ ਸ਼ਿਵ ਕੁਮਾਰ ਦੀ ਸੁਰ ਦਾ ਕਵੀ ਹੈ। ਉਹ ਸ਼ਾਇਰ ਦੀ ਪਹਿਚਾਣ ਮਹੁੱਬਤ ਨੂੰ ਦੱਸਦਾ ਹੈ ਅਤੇ ਉਸਦੀ ਇਹੀ ਮਹੁੱਬਤ ਬਿਰਹਾ ਵੀ ਹੈ ਤੇ ਵਿਦਰੋਹ ਵੀ ਉਸ ਦੀ ਵੱਖਰੀ ਪਹਿਚਾਣ ਹੈ ਜੋ ਉਸਨੂੰ ਦੁਨੀਆਂ ਤੋਂ ਅਲੱਗ ਕਰਦੀ ਹੈ। ਜਦ ਉਹ ਜ਼ਿੰਦਗੀ ਵਿਚੋਂ ਮਨਫੀ ਹੋ ਚੁੱਕੇ ਰਿਸ਼ਤਿਆਂ ਦੀ ਗੱਲ ਕਰਦਾ ਹੈ ਤਾਂ ਦਿਲ ਵਿਚੋਂ ਚੀਸ ਜਿਹੀ ਉੱਠਦੀ ਹੈ। ਇਹ ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਪੜ੍ਹਨਯੋਗ ਹਨ। ਗਗਨ ਅਰਸ਼
ਲੇਖਕ-ਅਰਜ਼ਪ੍ਰੀਤ
ਪ੍ਰਕਾਸ਼ਕ- ਸੂਰਜਾਂ ਦੇ ਵਾਰਿਸ(ਬਠਿੰਡਾ)
ਪੰਨੇ 91
ਮੁੱਲ –130