ਗੁਰਦਾਸਪੁਰ, 11 ਦਸੰਬਰ | ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਕਰੋੜਾਂ ਪ੍ਰਸ਼ੰਸਕ ਹਨ ਪਰ ਪੰਜਾਬ ਵਿਚ ਇਕ ਵਾਰ ਫਿਰ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਹਨ। ਇੰਨਾ ਹੀ ਨਹੀਂ ਸੰਨੀ ਦਿਓਲ ਨੂੰ ਲੱਭਣ ਅਤੇ ਲਿਆਉਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਹਨ।

ਦਰਅਸਲ, ਸੰਨੀ ਦਿਓਲ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਦੋਂ ਤੋਂ ਉਹ ਦੋਬਾਰਾ ਜ਼ਿਲ੍ਹਿਆਂ ਵਿਚ ਨਜ਼ਰ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਨੇ ਕੋਈ ਵਿਕਾਸ ਕਾਰਜ ਕਰਵਾਏ ਹਨ। ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੋਆ ਦੇ ਲੋਕਾਂ ਨੇ ਲਗਾਤਾਰ ਸਰਨਾ ਬੱਸ ਸਟੈਂਡ ‘ਤੇ ਲਗਾਏ ਸਨੀ ਦਿਓਲ ਦੇ ਗੁੰਮਸ਼ੁਦਗੀ ਪੋਸਟਰ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।

ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਹਲਕਾ ਪਠਾਨਕੋਟ ਅਤੇ ਸੁਜਾਨਪੁਰ ਵਿਚ ਵੀ ਸੰਨੀ ਦਿਓਲ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਾਏ ਗਏ ਸਨ ਪਰ ਇਸ ਤੋਂ ਬਾਅਦ ਵੀ ਭਾਜਪਾ ਦੇ ਸੰਸਦ ਮੈਂਬਰ ਨੇ ਲੋਕਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕਦੇ ਆਪਣੇ ਲੋਕ ਸਭਾ ਹਲਕੇ ਵਿਚ ਨਹੀਂ ਆਏ, ਜਿਸ ਕਾਰਨ ਲੋਕ ਸਭਾ ਹਲਕਾ ਪਠਾਨਕੋਟ ਵਿਚ ਲੋਕਾਂ ਦਾ ਗੁੱਸਾ ਮੁੜ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀ ਲੋਕਾਂ ਨੇ ਬੱਸਾਂ ਵਿਚ ਸਫਰ ਕੀਤਾ ਅਤੇ ਲੋਕਾਂ ਵਿਚ ਪੋਸਟਰ ਵੀ ਵੰਡੇ ਅਤੇ ਬੱਸਾਂ ਵਿਚ ਚਿਪਕਾਏ।