ਲੁਧਿਆਣਾ। ਐਸਟੀਐਫ ਵਲੋਂ ਤਿੰਨ ਮੁਲਜ਼ਮਾਂ ਨੂੰ ਭਾਰੀ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਨਾਕੇਬੰਦੀ ਦੌਰਾਨ ਮਾਈਕਰਾ ਕਾਰ ਇਨ੍ਹਾਂ ਵੱਲੋਂ ਭਜਾ ਲਈ ਗਈ, ਜਿਸ ਦਾ ਪਿੱਛਾ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਕਾਰ ਦੀ ਤਲਾਸ਼ੀ ਲੈਣ ਉਪਰੰਤ ਇਸ ਵਿਚੋਂ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਤਿੰਨ ਮੁਲਜ਼ਮਾਂ ਦੀ ਸ਼ਨਾਖਤ ਵਿਕਾਸ ਗੁਪਤਾ ਉਰਫ ਬੰਟੀ, ਗੁਰਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਮਨਮਿੰਦਰ ਸਿੰਘ ਉਰਫ ਮਨੀ ਵਜੋਂ ਹੋਈ ਹੈ। ਇਨ੍ਹਾ ਚੋਂ 2 ਮੁਲਜ਼ਮ ਟੈਕਸੀ ਚਲਾਉਣ ਦਾ ਕੰਮ ਕਰਦੇ ਨੇ ਜਦੋਂਕਿ ਇਕ ਮੁਲਜ਼ਮ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ 7-8 ਸਾਲ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਏਆਈਜੀ ਐਸਟੀਐੱਫ ਸਨੇਹਦੀਪ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਵਿੱਚ ਵੱਡੀ ਪੱਧਰ ਉਤੇ ਹੈਰੋਇਨ ਸਪਲਾਈ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਤਲਾਸ਼ੀ ਲੈਣ ਉਪਰੰਤ ਉਸ ਵਿਚ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਕਾਰ ਸਮੇਤ ਕਾਬੂ ਕਰ ਲਿਆ ਹੈ, ਤਿੰਨਾਂ ‘ਤੇ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ ਅਤੇ ਕਈ ਸੰਗੀਨ ਜੁਰਮ ਵੀ ਹਨ। ਕੰਡਕਟਰ ਸੀਟ ਦੇ ਹੇਠਾਂ ਹੈਰੋਇਨ ਦੀ ਇਹ ਇਹ ਖੇਪ ਲੁਕਾ ਕੇ ਰੱਖੀ ਗਈ ਸੀ। ਏਆਈਜੀ ਨੇ ਦੱਸਿਆ ਕਿ ਇਹ ਵੱਡੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਦੇ ਸਨ ਅਤੇ ਇਨ੍ਹਾਂ ਦੇ ਗ੍ਰਿਫਤਾਰ ਹੋਣ ਦੇ ਨਾਲ ਵੱਡੇ ਨੈਟਵਰਕ ਦੇ ਟੁੱਟਣ ਦੀ ਉਮੀਦ ਹੈ।