ਫ਼ਿਰੋਜ਼ਪੁਰ, 20 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇਕ ਹੋਰ ਨਸ਼ਾ ਤਸਕਰ ਦੀ 60 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਥਾਣਾ ਗੁਰੂ ਹਰ ਸਹਾਏ ਅਧੀਨ ਪੈਂਦੇ ਸ਼ਹਿਰ ਦੇ ਪੋਥੀਮਾਲਾ ਦੀ ਰਹਿਣ ਵਾਲੀ ਨਸ਼ਾ ਤਸਕਰ ਰਾਣੀ ਦੇ 6-6 ਮਰਲੇ ਵਿਚ ਬਣੇ ਮਕਾਨਾਂ ਨੂੰ ਪੁਲਿਸ ਨੇ ਜ਼ਬਤ ਕੀਤਾ ਹੈ।। ਫਿਲਹਾਲ ਮਹਿਲਾ ਨਸ਼ਾ ਤਸਕਰ ਜੇਲ ਵਿਚ ਬੰਦ ਹੈ।

ਰਾਣੀ ਨੂੰ ਜ਼ਿਲੇ ਦੇ ਕੁਲਗੜ੍ਹੀ ਥਾਣੇ ਦੀ ਪੁਲਿਸ ਨੇ 10 ਅਗਸਤ 2021 ਨੂੰ ਅੱਧਾ ਕਿੱਲੋ ਯਾਨੀ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਰਾਣੀ ਖਿਲਾਫ 2018 ਤੋਂ ਲੈ ਕੇ ਹੁਣ ਤੱਕ ਨਸ਼ਾ ਤਸਕਰੀ ਦੇ ਕੁੱਲ 8 ਮਾਮਲੇ ਦਰਜ ਹਨ। SP ਡੀ ਰਣਧੀਰ ਕੁਮਾਰ ਦੀ ਅਗਵਾਈ ਵਿਚ ਜ਼ਿਲੇ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ।

ਪੁਲਿਸ 10 ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਤਿਆਰੀ ‘ਚ ਹੈ। ਜਿਨ੍ਹਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਦਿੱਤਾ ਗਿਆ ਹੈ, ਹੁਣ ਉਨ੍ਹਾਂ ਜਾਇਦਾਦਾਂ ਨੂੰ ਨਾ ਤਾਂ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਵੇਚਿਆ ਜਾ ਸਕਦਾ ਹੈ।