ਕਪੂਰਥਲਾ, ਨਡਾਲਾ, 7 ਅਕਤੂਬਰ | SGPC ਦੀ ਸਾਬਕਾ ਪ੍ਰਧਾਨ ਤੇ ਭੁਲੱਥ ਤੋਂ ਸਾਬਕਾ ਅਕਾਲੀ ਮੰਤਰੀ ਬੀਬੀ ਜਗੀਰ ਕੌਰ ਇਨ੍ਹੀਂ ਦਿਨੀਂ ਵਿਜੀਲੈਂਸ ਦੀ ਰਡਾਰ ‘ਤੇ ਹਨ। ਵਿਜੀਲੈਂਸ ਨੇ ਬੀਬੀ ਜਗੀਰ ਕੌਰ ਦੇ ਡੇਰੇ ‘ਤੇ ਛਾਪਾ ਮਾਰਿਆ। ਟੀਮ ਨੇ ਕਰੀਬ 2 ਘੰਟੇ ਪੁੱਛਗਿੱਛ ਕੀਤੀ ਤੇ ਜਾਂਚ ਕੀਤੀ। ਹਾਲਾਂਕਿ ਬੀਬੀ ਜਗੀਰ ਕੌਰ ਦਾ ਫੋਨ ਬੰਦ ਮਿਲਣ ‘ਤੇ ਉਨ੍ਹਾਂ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨਾਲ ਗੱਲ ਕਰਨ ‘ਤੇ ਛਾਪੇਮਾਰੀ ਦੀ ਗੱਲ ਕਬੂਲੀ। ਇੱਥੇ ਦੱਸ ਦਈਏ ਕਿ ਬੀਬੀ ਜਗੀਰ ਕੌਰ ਸੰਤ ਪ੍ਰੇਮ ਸਿੰਘ ਮੁਰਾਲੇ ਡੇਰੇ ਦੀ ਮੁੱਖ ਸੇਵਾਦਾਰ ਵੀ ਹੈ ਤੇ 3 ਮਹੀਨੇ ਪਹਿਲਾਂ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਚੁਣੌਤੀ ਦੇਣ ਲਈ ਵੱਖਰੀ ਕਮੇਟੀ ਬਣਾਈ ਸੀ।

ਸ਼ੁੱਕਰਵਾਰ ਸਵੇਰੇ ਕਰੀਬ 11.30 ਵਜੇ ਵਿਜੀਲੈਂਸ ਦੀ ਟੀਮ ਨੇ ਬੇਗੋਵਾਲ ਸਥਿਤ ਬੀਬੀ ਜਗੀਰ ਕੌਰ ਦੇ ਡੇਰੇ ‘ਤੇ ਛਾਪਾ ਮਾਰਿਆ। ਇਸ ਦੌਰਾਨ ਵਿਜੀਲੈਂਸ ਟੀਮ ਨੇ ਨਗਰ ਪੰਚਾਇਤ ਦੀ ਸਰਕਾਰੀ ਜ਼ਮੀਨ ’ਤੇ ਕਬਜ਼ੇ ਸਬੰਧੀ ਕਰੀਬ 2 ਘੰਟੇ ਪੁੱਛਗਿੱਛ ਕੀਤੀ ਕਿਉਂਕਿ ਬੀਬੀ ਜਗੀਰ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਉੱਤੇ ਨਗਰ ਪੰਚਾਇਤ ਬੇਗੋਵਾਲ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦਾ ਦੋਸ਼ ਹੈ।

ਸੂਤਰਾਂ ਅਨੁਸਾਰ ਇਸ ਦੌਰਾਨ ਟੀਮ ਨੇ ਬੀਬੀ ਦੇ ਡੇਰੇ ਤੋਂ ਲੈਪਟਾਪ, ਫੋਨ ਤੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਹਨ। ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੇ ਵਿਜੀਲੈਂਸ ਦੀ ਛਾਪੇਮਾਰੀ ਦੀ ਗੱਲ ਕਬੂਲੀ ਹੈ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਟੀਮ ਨੇ ਪੁੱਛਗਿੱਛ ਕੀਤੀ ਹੈ, ਇਹ ਮਾਮਲਾ ਨਗਰ ਪੰਚਾਇਤ ਬੇਗੋਵਾਲ ਨਾਲ ਸਬੰਧਤ ਹੈ। ਉੱਧਰ ਡੀਐਸਪੀ ਭੁਲੱਥ ਭਾਰਤ ਭੂਸ਼ਨ ਸੈਣੀ ਨੇ ਵੀ ਵਿਜੀਲੈਂਸ ਟੀਮ ਦੇ ਆਉਣ ਦੀ ਗੱਲ ਆਖੀ ਹੈ।

ਇਸ ਸਬੰਧੀ ਵਾਰਡ ਨੰਬਰ 12 ਬੇਗੋਵਾਲ ਦੇ ਵਸਨੀਕ ਜਾਰਜ ਸ਼ੁਭ ਉਰਫ਼ ਕਮਲ ਨੇ ਦੱਸਿਆ ਕਿ ਉਸ ਨੇ ਅਗਸਤ 2009 ਵਿਚ ਬੀਬੀ ਜਗੀਰ ਕੌਰ ਵੱਲੋਂ ਬਣਾਏ ਸੰਤ ਪ੍ਰੇਮ ਸਿੰਘ ਖ਼ਾਲਸਾ ਹਾਈ ਸਕੂਲ ਬੇਗੋਵਾਲ ਅਤੇ ਆਸ-ਪਾਸ ਨਗਰ ਪੰਚਾਇਤ ਦੀ ਕਰੀਬ 22 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕੇਸ ਦਾਇਰ ਕੀਤਾ ਗਿਆ ਸੀ। ਜਦੋਂ 2011 ਵਿਚ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੇ ਇਹ ਮਾਮਲਾ ਲੋਕਪਾਲ ਕੋਲ ਉਠਾਇਆ ਪਰ ਜਦੋਂ ਇਥੇ ਵੀ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੇ 2014 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ।

ਉਨ੍ਹਾਂ ਦੱਸਿਆ ਕਿ ਬੀਬੀ ਜਗੀਰ ਕੌਰ ਨੇ ਸਕੂਲ ਅਤੇ ਡੇਰੇ ਸਮੇਤ ਨਗਰ ਪੰਚਾਇਤ ਬੇਗੋਵਾਲ ਦੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆਂ 28 ਅਗਸਤ, 2023 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ 6 ਹਫ਼ਤਿਆਂ ਵਿਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।