ਚੰਡੀਗੜ੍ਹ/ਜਲੰਧਰ, 2 ਜਨਵਰੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਪੈਟਰੋਲ ਖਤਮ ਹੋਣ ਕਾਰਨ ਪੰਪ ਬੰਦ ਹੋ ਗਏ ਹਨ। ਸੋਮਵਾਰ ਦੇਰ ਸ਼ਾਮ ਨੂੰ ਹੀ ਪੈਟਰੋਲ ਪੰਪਾਂ ’ਤੇ ਪੈਟਰੋਲ ਖ਼ਤਮ ਹੋ ਲੱਗ ਪਿਆ ਸੀ ਤੇ ਅੱਜ ਮੰਗਲਵਾਰ ਨੂੰ ਵੀ ਕਈ ਥਾਈਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।

ਲੁਧਿਆਣਾ ਦੇ ਜ਼ਿਆਦਾਤਰ ਪੰਪਾਂ ‘ਤੇ ਸਵੇਰ ਤੋਂ ਹੀ ਭਾਰੀ ਭੀੜ ਹੈ। ਲੋਕਾਂ ‘ਚ ਪੈਟਰੋਲ-ਡੀਜ਼ਲ ਖ਼ਤਮ ਹੋਣ ਦਾ ਡਰ ਬਣਿਆ ਹੋਇਆ ਹੈ। ਲਾਡੋਵਾਲੀ ਰੋਡ ’ਤੇ ਸਰਕਾਰੀ ਪੈਟਰੋਲ ਪੰਪ ’ਤੇ ਵਾਹਨਾਂ ਦੀ ਭੀੜ ਕਾਰਨ ਸੜਕ ’ਤੇ ਜਾਮ ਲੱਗ ਗਿਆ ਹੈ। ਜਲੰਧਰ ਦੇ ਸੰਵਿਧਾਨ ਚੌਕ ਨੇੜੇ ਪੈਟਰੋਲ ਪੰਪ ਦੇ ਬਾਹਰ ਡਰਾਈਵਰ ਪੈਟਰੋਲ ਭਰਵਾਉਣ ਲਈ ਖੜ੍ਹੇ ਨਜ਼ਰ ਆਏ।

ਇੰਨਾ ਹੀ ਨਹੀਂ, ਕਈ ਪੰਪਾਂ ’ਤੇ ਡੀਜ਼ਲ ਵੀ ਖ਼ਤਮ ਹੋਣ ਦੀ ਸੂਚਨਾ ਹੈ। ਰੂਪਨਗਰ ’ਚ ਪੈਟਰੋਲ ਪੰਪਾਂ ’ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪੁਆਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਲੁਧਿਆਣਾ ਤੇ ਬਰਨਾਲਾ ’ਚ ਵੀ ਇਹੀ ਸਥਿਤੀ ਰਹੀ।
ਪੈਟਰੋਲ ਪੰਪ ਐਸੋਸੀਏਸ਼ਨ ਬਰਨਾਲਾ ਦੇ ਉਪ ਪ੍ਰਧਾਨ ਵਿਕਾਸ ਬਾਂਸਲ ਬੰਟੀ ਮੁਤਾਬਕ ਤੇਲ ਟੈਂਕਰਾਂ ਦੀ 2 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਅਜਿਹੀ ਸਥਿਤੀ ਬਣੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ’ਚ ਕਰੀਬ 60 ਪੈਟਰੋਲ ਪੰਪ ਹਨ। ਜ਼ਿਆਦਾਤਰ ਪੰਪਾਂ ’ਤੇ ਸੋਮਵਾਰ ਰਾਤ ਨੂੰ ਹੀ ਡੀਜ਼ਲ ਖ਼ਤਮ ਹੋ ਚੁੱਕਾ ਹੈ। ਪੈਟਰੋਲ ਰਾਤ ਨੂੰ ਹੀ ਖ਼ਤਮ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਸਥਿਤੀ ਅੱਗੇ ਹੋਰ ਗੰਭੀਰ ਹੋਣ ਦਾ ਖਦਸ਼ਾ ਹੈ।