ਸੰਗਰੂਰ | ਪੰਜਾਬ ਦੇ ਸੰਗਰੂਰ ਵਿਚ PRTC ਦੀ ਬੱਸ ਅਤੇ ਪਿਕਅਪ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿਚ ਇਕ ਤਿੰਨ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਪਿਕਅਪ ਸਵਾਰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਚ ਮੱਥਾ ਟੇਕ ਕੇ ਵਾਪਸ ਆ ਰਹੇ ਸਨ।

ਇਹ ਹਾਦਸਾ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ‘ਤੇ ਸੁਨਾਮ ਦੇ ਕਲੌਦੀ ਬੱਸ ਸਟੈਂਡ ਨੇੜੇ ਵਾਪਰਿਆ। ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢ ਕੇ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਜਿਥੇ ਡਾਕਟਰਾਂ ਨੇ 4 ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।

ਕਾਲੀ ਮਾਤਾ ਮੰਦਰ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ ਸ਼ਰਧਾਲੂ

ਇਕ ਜ਼ਖਮੀ ਨੇ ਦੱਸਿਆ ਕਿ ਉਹ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਚ ਪੂਜਾ ਅਰਚਨਾ ਕਰਕੇ ਵਾਪਸ ਆ ਰਿਹਾ ਸੀ। ਜਦੋਂ ਪੀ.ਆਰ.ਟੀ.ਸੀ ਦੀ ਬੱਸ ਸਵਾਰੀਆਂ ਨੂੰ ਲੈਣ ਲਈ ਬੱਸ ਸਟੈਂਡ ‘ਤੇ ਰੁਕੀ ਤਾਂ ਉਨ੍ਹਾਂ ਦੀ ਪਿਕਅਪ ਬੱਸ ਨਾਲ ਟਕਰਾਅ ਗਈ। ਇਸ ਤੋਂ ਬਾਅਦ ਸੜਕ ‘ਤੇ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਉਸ ਨੂੰ ਪਿਕਅੱਪ ਤੋਂ ਬਾਹਰ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਮ੍ਰਿਤਕ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਹ ਹਾਦਸਾ ਧੁੰਦ ਕਾਰਨ ਵਾਪਰਿਆ।