ਹਰਿਆਣਾ, 26 ਫਰਵਰੀ | ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਤੋਂ ਬਾਅਦ 13 ਫਰਵਰੀ ਨੂੰ ਬੰਦ ਕੀਤੇ ਗਏ ਨੈਸ਼ਨਲ ਹਾਈਵੇ-44 ਦੇ ਸਰਵਿਸ ਰੋਡ ਨੂੰ ਪੁਲਿਸ ਨੇ ਦਿੱਲੀ ਸਰਹੱਦ ਤੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਸਰਵਿਸ ਰੋਡ ‘ਤੇ ਚਾਰੇ ਮਾਰਗਾਂ ਨੂੰ ਖੋਲ੍ਹ ਰਹੀ ਹੈ। ਇਸ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਦਿੱਲੀ ਆਉਣ-ਜਾਣ ‘ਚ ਕਾਫੀ ਰਾਹਤ ਮਿਲੇਗੀ।

ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਕੁੰਡਲੀ ਸਿੰਧੂ ਬਾਰਡਰ ਨੂੰ ਸੀਲ ਕਰਨ ਤੋਂ ਬਾਅਦ ਹੁਣ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਦਿੱਲੀ ਪੁਲਿਸ ਨੇ ਨੈਸ਼ਨਲ ਹਾਈਵੇਅ 44 ‘ਤੇ ਸਰਵਿਸ ਲਾਈਨ ਨੂੰ ਦੋਵੇਂ ਪਾਸਿਓਂ ਖੋਲ੍ਹ ਦਿੱਤਾ ਹੈ। ਅਜਿਹੇ ‘ਚ ਕੁੰਡਲੀ ਸਿੰਧੂ ਬਾਰਡਰ ਸਰਵਿਸ ਲਾਈਨ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ।

ਸਰਹੱਦ ’ਤੇ ਸਰਵਿਸ ਲਾਈਨ ਖੁੱਲ੍ਹਣ ’ਤੇ ਲੰਮਾ ਟਰੈਫਿਕ ਜਾਮ ਲੱਗ ਜਾਂਦਾ ਹੈ। ਹਰਿਆਣਾ-ਦਿੱਲੀ ਵਿਚਕਾਰ ਨੈਸ਼ਨਲ ਹਾਈਵੇਅ ‘ਤੇ ਬਣੇ ਫਲਾਈਓਵਰ ‘ਤੇ ਦਿੱਲੀ ਪੁਲਿਸ ਵੱਲੋਂ ਅਜੇ ਵੀ ਭਾਰੀ ਬੈਰੀਕੇਡਿੰਗ ਕੀਤੀ ਗਈ ਸੀ। ਕੰਕਰੀਟ ਦੀ ਕੰਧ ਨੂੰ ਸਰਵਿਸ ਲਾਈਨ ਤੋਂ ਹਟਾ ਦਿੱਤਾ ਗਿਆ ਹੈ।