ਲੁਧਿਆਣਾ, 17 ਦਸੰਬਰ | ਠੱਗਾਂ ਵੱਲੋਂ ਸਾਈਬਰ ਧੋਖਾਧੜੀ ਰਾਹੀਂ ਲੁੱਟੀ ਸ਼ਹਿਰ ਵਾਸੀਆਂ ਦੀ ਮਿਹਨਤ ਦੀ ਕਮਾਈ ਨੂੰ ਵਾਪਸ ਲਿਆਉਣ ਲਈ ਲੁਧਿਆਣਾ ਪੁਲਿਸ ਵਿਸ਼ੇਸ਼ ਉਪਰਾਲਾ ਕਰ ਰਹੀ ਹੈ। ਪੁਲਿਸ ਵੱਲੋਂ ਜਿਨ੍ਹਾਂ ਠੱਗਾਂ ਦੇ ਖਾਤਿਆਂ ਨੂੰ ਫਰੀਜ਼ ਕੀਤਾ ਗਿਆ ਹੈ, ਉਨ੍ਹਾਂ ਦੇ ਖਾਤਿਆਂ ’ਚੋਂ ਹੁਣ ਸ਼ਿਕਾਇਤਕਰਤਾਵਾਂ ਦੇ ਖਾਤਿਆਂ ’ਚ ਰਕਮ ਵਾਪਸ ਟਰਾਂਸਫਰ ਕਰਵਾਈ ਜਾਵੇਗੀ।

ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਸਾਈਬਰ ਅਪਰਾਧੀਆਂ ਦੇ ਬੈਂਕ ਖਾਤਿਆਂ ’ਚ ਸਾਈਬਰ ਪੀੜਤਾਂ ਦੇ ਲੱਖਾਂ ਰੁਪਏ ਦੇ ਫਰੀਜ਼ ਹੋਣ ਦਾ ਪਤਾ ਲੱਗਣ ਤੋਂ ਬਾਅਦ ਸਾਈਬਰ ਸੈੱਲ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਧੀਕ ਡੀਸੀਪੀ ਹੈੱਡ ਕੁਆਰਟਰ ਰੁਪਿੰਦਰ ਭੱਟੀ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਸ ਕਰਵਾਉਣ ’ਚ ਮਦਦ ਕਰਨ ਲਈ ਸਾਈਬਰ ਸੈੱਲ ਲੁਧਿਆਣਾ ਵੱਲੋਂ ਇਕ ਯੋਜਨਾ ਤਿਆਰ ਕੀਤੀ ਗਈ ਹੈ।

1930 ਹੈਲਪਲਾਈਨ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਦਰਜ ਸ਼ਿਕਾਇਤਾਂ ਤਹਿਤ 457 ਸੀਆਰਪੀਸੀ ਤਹਿਤ ਪ੍ਰਸਤਾਵ ਤਿਆਰ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਈਬਰ ਸੈੱਲ ਵੱਲੋਂ 9 ਦਸੰਬਰ ਦੀ ਲੋਕ ਅਦਾਲਤ ’ਚ 36 ਕੇਸਾਂ ਦੀਆਂ ਦਰਖਾਸਤਾਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਹੁਣ ਤੱਕ ਉਕਤ ਅਦਾਲਤ ਵੱਲੋਂ 33 ਦਰਖਾਸਤਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਅਦਾਲਤ ਤੋਂ ਹੁਕਮ ਪ੍ਰਾਪਤ ਕੀਤੇ ਗਏ ਹਨ।

ਸਬੰਧਤ ਬੈਂਕ ਸਾਈਬਰ ਕ੍ਰਾਈਮ ਦੇ ਸ਼ਿਕਾਇਤਕਰਤਾਵਾਂ ਨੂੰ ਫਰੀਜ਼ ਕੀਤੀ ਰਕਮ ਜਾਰੀ ਕਰਨਗੇ। ਸ਼ਿਕਾਇਤਕਰਤਾਵਾਂ ਨੂੰ 28.5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਲਗਭਗ 6 ਲੱਖ ਰੁਪਏ ਦੀ ਜਮ੍ਹਾ ਰਾਸ਼ੀ ਲਈ ਮਾਮਲੇ ਵਿਚਾਰ ਅਧੀਨ ਹਨ ਅਤੇ ਇਨ੍ਹਾਂ ’ਤੇ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਤਕਨਾਲੋਜੀ ਦੀ ਵਰਤੋਂ ’ਚ ਵਾਧਾ ਹੋਣ ਨਾਲ ਇਸ ਦੀ ਦੁਰਵਰਤੋਂ ’ਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ। ਲੁਧਿਆਣਾ ’ਚ ਸਾਈਬਰ ਅਪਰਾਧ ਦੀਆਂ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਧੋਖਾਧੜੀ, ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਹੈਕਿੰਗ ਲਗਾਤਾਰ ਦੁਰਵਰਤੋ ਹੋ ਰਹੀ ਹੈ।

ਸਾਈਬਰ ਸੈੱਲ ਅਜਿਹੀਆਂ ਸ਼ਿਕਾਇਤਾਂ ’ਤੇ ਤੁਰੰਤ ਕੰਮ ਕਰਦਾ ਹੈ ਅਤੇ ਧੋਖਾਧੜੀ ਵਾਲੇ ਬੈਂਕ ਖਾਤਿਆਂ ਵਿਚ ਰਕਮ ਨੂੰ ਫਰੀਜ਼ ਕਰਨ ਲਈ ਯਤਨ ਕਰਦਾ ਹੈ। ਉਨ੍ਹਾਂ ਆਖਿਆ ਕਿ ਅਜਿਹਾ ਅਪਰਾਧ ਹੋਣ ਦੀ ਸ਼ਰਤ ਵਿਚ ਥਾਣਾ ਸਰਾਭਾ ਨਗਰ ਵਿਚ ਬਣੇ ਸਾਈਬਰ ਸੈੱਲ, ਸਾਈਬਰ ਕ੍ਰਾਈਮ ਪੋਰਟਲ ਉਤੇ ਸੰਪਰਕ ਕੀਤਾ ਜਾਵੇ।