ਚੰਡੀਗੜ੍ਹ/ਪਟਿਆਲਾ/ਸੰਗਰੂਰ, 18 ਫਰਵਰੀ | ਸ਼ੰਭੂ ਅਤੇ ਖਨੌਰੀ ਬਾਰਡਰਾਂ ਉਤੇ ਡਟੇ ਹਜ਼ਾਰਾਂ ਕਿਸਾਨਾਂ ਦਾ ਸੰਘਰਸ਼ ਅੱਜ ਛੇਵੇਂ ਦਿਨ ਵੀ ਜਾਰੀ ਹੈ। ਕਿਸਾਨ ਦਿੱਲੀ ਜਾਣ ਲਈ ਅੜੇ ਹੋਏ ਹਨ। ਕਿਸਾਨਾਂ ਦੀਆਂ ਨਜ਼ਰ ਹੁਣ ਅੱਜ ਕੇਂਦਰੀ ਵਜ਼ੀਰਾਂ ਨਾਲ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ। ਇਸੇ ਦੌਰਾਨ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਉਤੇ ਪਾਬੰਦੀ ਵਧਾ ਦਿੱਤੀ ਹੈ। ਹਰਿਆਣਾ ਦੇ ਨਾਲ ਲੱਗਦੇ ਪੰਜਾਬ ਵਿਚ ਵੀ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਸੂਬੇ ਦੇ 7 ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਹੈ।

ਕਿਸਾਨਾਂ ਦੀ ਅੱਜ ਕੇਂਦਰ ਸਰਕਾਰ ਨਾਲ ਚੌਥੇ ਦੌਰ ਦੀ ਮੀਟੰਗ ਵੀ ਹੋਣੀ ਹੈ। ਇਹ ਸ਼ਾਮ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸੇ ਵਿਚਾਲੇ ਪੰਜਾਬ ਵਿਚ ਇੰਟਰਨੈੱਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਕੇਂਦਰ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਇਹ ਪਾਬੰਦੀ 24 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਸੂਬੇ ਦੇ 7 ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।

ਜੇਕਰ ਇਸ ਮੀਟਿੰਗ ਵਿਚ ਮਸਲੇ ਦਾ ਹੱਲ ਨਾ ਹੋਇਆ ਤਾਂ ਤਣਾਅ ਹੋਰ ਵਧ ਸਕਦਾ ਹੈ। ਇੰਟਰਨੈੱਟ ਬੰਦ ਵਾਲੇ ਇਲਾਕੇ ਹਰਿਆਣਾ ਨਾਲ ਲੱਗਦੇ ਹਨ। ਇਹ 7 ਜ਼ਿਲੇ ਹਨ,  ਪਟਿਆਲਾ, ਮੋਹਾਲੀ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਸੰਗਰੂਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ। ਕੇਂਦਰ ਸਰਕਾਰ ਨੇ 24 ਫਰਵਰੀ ਤੱਕ ਪਾਬੰਦੀ ਵਧਾ ਦਿੱਤੀ ਹੈ।

ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਹੈ। 24 ਫਰਵਰੀ ਤੱਕ ਇੰਟਰਨੈੱਟ ਬੰਦ ਰਹੇਗਾ। ਇਹ ਹੁਕਮ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਟੈਲੀਗ੍ਰਾਫ ਐਕਟ ਤਹਿਤ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਕਿਸਾਨ ਅੰਦੋਲਨ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ਅਧੀਨ ਪੈਂਦੇ 20 ਥਾਣਿਆਂ ਦੀ ਹੱਦ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪਟਿਆਲਾ ਦੇ ਪੁਲਿਸ ਥਾਣਾ ਸ਼ੰਭੂ, ਜੁਲਕਾਂ, ਪਸਿਆ, ਪਾਤੜਾਂ, ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ ਅਤੇ ਬਲਭੇਰਾ ਵਿਚ ਵੀ ਇੰਟਰਨੈੱਟ ਸੇਵਾ ਬੰਦ ਰਹੇਗੀ।

ਐਸ.ਏ.ਐਸ ਨਗਰ (ਮੋਹਾਲੀ) ਦੇ ਥਾਣਾ ਲਾਲੜੂ, ਬਠਿੰਡਾ ਦੇ ਥਾਣਾ ਸੰਗਤ, ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕਿੱਲਿਆਂਵਾਲੀ, ਮਾਨਸਾ ਦੇ ਸਰਦੂਲਗੜ੍ਹ, ਸੰਗਰੂਰ ਦੇ ਥਾਣਾ ਖਨੌਰੀ, ਮੂਨਕ, ਲਹਿਰਾ, ਸੁਨਾਮ ਅਤੇ ਛਾਜਲੀ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੇ ਥਾਣਾ ਫਤਿਹਗੜ੍ਹ ਸਾਹਿਬ ਦੀ ਸੀਮਾ ਅੰਦਰ ਇੰਟਰਨੈੱਟ ਬੰਦ ਰਹੇਗਾ।