ਕਪੂਰਥਲਾ/ਸਿੱਧਵਾਂ ਦੋਨਾ, 31 ਅਕਤੂਬਰ | ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ‘ਚ ਕੱਲ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਮਰਡਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਜੈ ਕੁਮਾਰ ਉਰਫ਼ ਚੀਕੂ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਸਿੱਧਵਾਂ ਦੋਨਾ ਆਪਣੇ ਘਰ ਦੇ ਬਾਹਰ ਬਣੀ ਪਾਰਕ ਨੇੜੇ ਬੈਠਾ ਸੀ। ਗੱਡੀ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ।
ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੋਂ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿਥੇ ਨੌਜਵਾਨ ਦੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਐੱਸਪੀਡੀ ਰਮਨਿੰਦਰ ਸਿੰਘ ਦਿਓਲ, ਡੀਐੱਸਪੀ ਸਬ-ਡਵੀਜ਼ਨ ਮਨਪ੍ਰੀਤ ਸੀਹਮਾਰ, ਐੱਸਐੱਚਓ ਸਦਰ ਇੰਸਪੈਕਟਰ ਸੋਨਮ ਦੀਪ ਕੌਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।