ਨਵੀਂ ਦਿੱਲੀ/ਜਲੰਧਰ, 19 ਦਸੰਬਰ | ਅੱਜ 48 ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੰਸਦ ਵਿਚ ਵੜ ਕੇ ਇਕ ਵਿਅਕਤੀ ਵਲੋਂ ਧੂੰਏਂ ਵਾਲੀ ਚੀਜ਼ ਸੁੱਟ ਦਿੱਤੀ ਗਈ ਸੀ, ਸੰਸਦ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਨੂੰ ਲੈ ਕੇ ਇਹ ਰੋਸ ਪ੍ਰਗਟ ਕਰ ਰਹੇ ਸਨ। ਇਸ ਦੇ ਨਾਲ ਹੀ ਹੁਣ ਤੱਕ 141 ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 94 ਸੰਸਦ ਮੈਂਬਰ ਲੋਕ ਸਭਾ ਅਤੇ 46 ਸੰਸਦ ਮੈਂਬਰ ਰਾਜ ਸਭਾ ਤੋਂ ਹਨ। 18 ਦਸੰਬਰ ਤੱਕ ਸੰਸਦ ਦੇ ਕੁੱਲ 92 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।

ਅੱਜ ਕਾਂਗਰਸ ਨੇਤਾ ਮਨੀਸ਼ ਤਿਵਾੜੀ, ਕਾਰਤੀ ਚਿਦੰਬਰਮ, ਸ਼ਸ਼ੀ ਥਰੂਰ, ਬਸਪਾ (ਬਾਹਰ ਕੱਢੇ ਗਏ) ਦਾਨਿਸ਼ ਅਲੀ, ਐਨਸੀਪੀ ਦੀ ਸੁਪ੍ਰਿਆ ਸੁਲੇ, ਸਪਾ ਸੰਸਦ ਐਸਟੀ ਹਸਨ, ਟੀਐਮਸੀ ਸੰਸਦ ਮੈਂਬਰ ਮਾਲਾ ਰਾਏ, ਸਪਾ ਨੇਤਾ ਡਿੰਪਲ ਯਾਦਵ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਮੰਗਲਵਾਰ ਨੂੰ 49 ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਜਿਨ੍ਹਾਂ ‘ਚ ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਨਾਂ ਵੀ ਸ਼ਾਮਲ ਹੈ। ਰਿੰਕੂ ਨੂੰ ਦੂਜੀ ਵਾਰ ਮੁਅੱਤਲ ਕੀਤਾ ਗਿਆ ਹੈ। ਗੱਲਬਾਤ ਕਰਦਿਆਂ ਰਿੰਕੂ ਨੇ ਕਿਹਾ ਕਿ ਜਿਹੜੇ ਲੋਕ ਸਦਨ ‘ਚ ਗਾਲਾਂ ਕੱਢ ਰਹੇ ਹਨ, ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਸਗੋਂ ਸੱਚ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਦਹਿਸ਼ਤ ਫੈਲਾ ਕੇ ਆਪਣੀ ਗੱਲ ਪੂਰੀ ਕਰਨੀ ਚਾਹੁੰਦੀ ਹੈ। ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਗੰਦੀ ਸਿਆਸਤ ਕਰ ਰਹੀ ਹੈ। ਇਸ ਦਾ ਜਵਾਬ ਲੋਕ ਚੋਣਾਂ ਵਿਚ ਦੇਣਗੇ। ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਕੇਂਦਰ ਸਰਕਾਰ ਨੂੰ ਸਖ਼ਤ ਜਵਾਬ ਦੇਣਗੇ। ਕੇਂਦਰ ਸਰਕਾਰ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ।

ਦੂਜੇ ਪਾਸੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਟੀਐਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਦੀ ਮਿਮਿਕਰੀ ਵੀਡੀਓ ਨੂੰ ਲੈ ਕੇ ਸਦਨ ਵਿਚ ਨਾਰਾਜ਼ਗੀ ਜਤਾਈ। ਉਨ੍ਹਾਂ ਸਦਨ ‘ਚ ਕਿਹਾ ਕਿ ਇਕ ਸੰਸਦ ਮੈਂਬਰ ਨੇ ਟੀ.ਵੀ ‘ਤੇ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਹੱਦ ਹੁੰਦੀ ਹੈ। ਚੈਨਲ ਦੇ ਸਾਹਮਣੇ ਸਦਨ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ। ਪ੍ਰਮਾਤਮਾ ਉਨ੍ਹਾਂ ਨੂੰ ਬੁੱਧੀ ਦੇਵੇ।

ਵੇਖੋ ਵੀਡੀਓ

https://www.facebook.com/reel/24339265505722075