ਜਲੰਧਰ, 5 ਅਕਤੂਬਰ | ਪੰਜਾਬ ਸਰਕਾਰ ਵਲੋਂ ਜਾਰੀ ਮੁਫ਼ਤ ਯੋਗ ਕਲਾਸਾਂ ਦਾ ਲਾਭ ਲੈਣ ਲਈ ਲੋਕ ਟੋਲ ਫ੍ਰੀ ਨੰਬਰ 7669400500 ’ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ’ਤੇ ਲਾਗਇਨ ਕਰ ਸਕਦੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਕਾਰਨ ਨਾਗਰਿਕ ਪੰਜੀਕਰਨ ਕਰਨ ਵਿਚ ਅਸਮਰੱਥ ਹੈ ਤਾਂ ਉਹ ਰਾਜ ਸਰਕਾਰ ਦੇ ਹੈਲਪਲਾਈਨ ਨੰਬਰ 1100 ’ਤੇ ਸੰਪਰਕ ਕਰ ਸਕਦੇ ਹਨ ਜਾਂ cmdiyogshala@punjb.gov.in ’ਤੇ ਈਮੇਲ ਭੇਜ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦੀ ਪਹਿਲਕਦਮੀ ਕੀਤੀ ਗਈ ਤਾਂ ਜੋ ਯੋਗ ਦਾ ਫਾਇਦਾ ਘਰ-ਘਰ ਪਹੁੰਚਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਇਹ ਯੋਜਨਾ ਇਸ ਸਾਲ ਦੇ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਪਹਿਲੇ ਪੜਾਅ ਨੂੰ 5 ਅਪ੍ਰੈਲ, 2023 ਨੂੰ 4 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿਚ ਲਾਂਚ ਕੀਤਾ ਗਿਆ ਸੀ। ਦੂਜਾ ਪੜਾਅ 20 ਜੂਨ, 2023 ਨੂੰ 5 ਸ਼ਹਿਰਾਂ ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ.ਨਗਰ (ਮੁਹਾਲੀ), ਸੰਗਰੂਰ ਅਤੇ ਬਠਿੰਡਾ ਵਿਖੇ ਸ਼ੁਰੂ ਕੀਤਾ ਗਿਆ ਅਤੇ ਹੁਣ ਤੀਸਰੇ ਪੜਾਅ ਵਿਚ ਇਹ ਯੋਜਨਾ ਪੰਜਾਬ ਦੇ 15 ਸ਼ਹਿਰਾਂ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਮੋਗਾ, ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂਸ਼ਹਿਰ, ਤਰਨਤਾਰਨ ਅਤੇ ਮਾਲੇਰਕੋਟਲਾ ’ਚ 5 ਅਕਤੂਬਰ, 2023 ਤੋਂ ਲਾਗੂ ਕੀਤੀ ਜਾਵੇਗੀ। ਇਹ ਸਾਰੇ ਪੜਾਅ ਸੰਯੁਕਤ ਰੂਪ ਵਿਚ ਪੰਜਾਬ ਰਾਜ ਦੇ ਸਾਰੇ ਪ੍ਰਮੁੱਖ ਸ਼ਹਿਰਾਂ/ ਮੁੱਖ ਜ਼ਿਲ੍ਹਾ ਦਫ਼ਤਰਾਂ ਨੂੰ ਕਵਰ ਕਰਨਗੇ।
ਸੀ.ਐਮ.ਦੀ ਯੋਗਸ਼ਾਲਾ ਰਾਹੀਂ ਲੋਕ ਉਨ੍ਹਾਂ ਵੱਲੋਂ ਚੁਣੀਆਂ ਗਈਆਂ ਥਾਵਾਂ ’ਤੇ ਜਿਵੇਂ ਕਿ ਪਾਰਕ/ਜਨਤਕ ਥਾਂ ’ਤੇ ਮੁਫ਼ਤ ਯੋਗ ਸਿੱਖਿਆ ਲੈ ਸਕਦੇ ਹਨ। ਜੇ ਕਿਸੇ ਵੀ ਵਿਅਕਤੀ ਕੋਲ ਯੋਗ ਕਲਾਸ ਦੀ ਥਾਂ ਉਪਲਬਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ ਤਾਂ ਪੰਜਾਬ ਸਰਕਾਰ ਯੋਗ ਟ੍ਰੇਂਡ ਇੰਸਟ੍ਰਕਟਰ ਘਰ ਭੇਜੇਗੀ।