ਚੰਡੀਗੜ੍ਹ | ਗੰਨੇ ਦਾ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ ਦੇ ਧੰਨੋਵਾਲੀ ਰੇਲਵੇ ਫਾਟਕ ਨੇੜੇ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ਵੀ 5ਵੇਂ ਦਿਨ ਜਾਮ ਰਹੇ। ਅੱਜ ਕਿਸਾਨਾਂ ਦੀ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਹੈ, ਜਿਸ ਵਿੱਚ ਸੂਬੇ ਦੇ ਗੰਨਾ ਕਮਿਸ਼ਨਰ ,ਖੇਤੀਬਾੜੀ ਡਾਇਰੈਕਟਰ ਅਤੇ ਮੁੱਖ ਖੇਤੀਬਾੜੀ ਅਫਸਰ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ।

12 ਕਿਸਾਨ ਆਗੂਆਂ ਨਾਲ ਇਹ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ। ਕਿਹਾ ਗਿਆ ਸੀ ਕਿ ਹਰਮੀਤ ਕਾਦੀਆਂ, ਮਨਜੀਤ ਰਾਏ ਅਤੇ ਜੰਗਵੀਰ ਚੌਹਾਨ ਨੇ ਖਰਚਾ ਰਿਪੋਰਟ ਪੇਸ਼ ਕੀਤੀ। ਕਿਸਾਨਾਂ ਨੇ ਗੰਨੇ ਦਾ ਮੁੱਲ 360 ਰੁਪਏ ਸਰਕਾਰ ਵੱਲੋਂ ਤੈਅ ਕਰ ਦਿੱਤਾ ਹੈ। ਇਹ ਧਰਨਾ ਸ਼ਾਮ 7 ਵਜੇ ਤੱਕ ਚੁੱਕ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਬਕਾਇਆ ਵੀ 15 ਦਿਨ ਅੰਦਰ ਮਿਲ ਜਾਵੇਗਾ।

ਇਸ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, “ਮੈਨੂੰ ਇਹ ਦੱਸਣ ਵਿੱਚ ਖੁਸ਼ੀ ਹੋ ਰਹੀ ਹੈ ਕਿ ਸਾਡੇ ਗੰਨਾ ਕਿਸਾਨਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐੱਸਏਪੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੇਰੀ ਸਰਕਾਰ ਦਾ ਉਦੇਸ਼ ਸਮੁੱਚੇ ਫਸਲੀ ਵਿਭਿੰਨਤਾ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਵਿੱਚ ਗੰਨੇ ਦੇ ਉਤਪਾਦਨ ਨੂੰ ਵਧਾਉਣਾ ਅਤੇ ਖੰਡ ਦੀ ਰਿਕਵਰੀ ਵਿੱਚ ਸੁਧਾਰ ਕਰਨਾ ਹੈ। ਜੈ ਕਿਸਾਨ, ਜੈ ਜਵਾਨ!”