ਚੰਡੀਗੜ੍ਹ, 9 ਨਵੰਬਰ | ਪੰਜਾਬ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ 2003 ਮਾਮਲੇ ਸਾਹਮਣੇ ਆਏ। ਸੂਬੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੀਆਂ ਕੁੱਲ 22,981 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਸੰਗਰੂਰ ਪਰਾਲੀ ਸਾੜਨ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ। ਸੰਗਰੂਰ ਵਿੱਚ ਹੁਣ ਤੱਕ 4070 ਮਾਮਲੇ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਬਠਿੰਡਾ ਵਿੱਚ 221, ਫਰੀਦਕੋਟ ਵਿੱਚ 150, ਮਾਨਸਾ ਵਿੱਚ 131, ਪਟਿਆਲਾ ਵਿੱਚ 106, ਜਲੰਧਰ ਵਿੱਚ 90, ਤਰਨਤਾਰਨ ਵਿੱਚ 41, ਲੁਧਿਆਣਾ ਵਿੱਚ 96, ਫਿਰੋਜ਼ਪੁਰ ਵਿੱਚ 103 ਤੇ ਮੋਗਾ ਵਿੱਚ 89 ਮਾਮਲੇ ਰਿਪੋਰਟ ਕੀਤੇ ਗਏ। ਜੇਕਰ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 4070 ਮਾਮਲਿਆਂ ਨਾਲ ਸੰਗਰੂਰ ਪਹਿਲੇ, 2176 ਮਾਮਲਿਆਂ ਨਾਲ ਫਿਰੋਜ਼ਪੁਰ ਦੂਜੇ ਤੇ 1888 ਮਾਮਲਿਆਂ ਨਾਲ ਤਰਨਤਾਰਨ ਤੀਜੇ ਸਥਾਨ ‘ਤੇ ਹੈ। ਇਸ ਸਾਲ ਦੇ ਕੁੱਲ 22,981 ਮਾਮਲਿਆਂ ਦੀ ਤੁਲਨਾ ਸਾਲ 2021 ਵਿੱਚ ਇਸ ਸਮੇਂ ਤੱਕ ਕੁੱਲ 42,330 ਤੇ ਸਾਲ 2022 ਵਿੱਚ 33,090 ਮਾਮਲੇ ਰਿਪੋਰਟ ਹੋ ਚੁੱਕੇ ਸਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ 18 ਕਿਸਾਨਾਂ ’ਤੇ ਹੀ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ 1900 ਕਿਸਾਨਾਂ ’ਤੇ 52 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਪਰ ਹਾਲੇ ਤਕ ਵਸੂਲੀ 8 ਲੱਖ ਰੁਪਏ ਦੀ ਹੋਈ ਹੈ। ਬੁੱਧਵਾਰ ਨੂੰ ਬਠਿੰਡਾ ਦਾ AQI 348, ਮੰਡੀ ਗੋਬਿੰਦਗੜ੍ਹ ਦਾ 338, ਜਲੰਧਰ ਦਾ 266, ਖੰਨਾ ਦਾ 253, ਲੁਧਿਆਣਾ ਦਾ 292 ਤੇ ਪਟਿਆਲਾ ਦਾ 267 ਦਰਜ ਕੀਤਾ ਗਿਆ। ਲਗਾਤਾਰ ਵੱਧ ਰਹੇ AQI ਨਾਲ ਬੱਚਿਆਂ, ਬਜ਼ੁਰਗਾਂ ਤੇ ਪਹਿਲਾਂ ਤੋਂ ਬੀਮਾਰ ਮਰੀਜ਼ਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਰਹੀਆਂ ਹਨ।