ਨਵੀਂ ਦਿੱਲੀ, 9 ਅਕਤੂਬਰ | 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੱਧ ਪ੍ਰਦੇਸ਼ ‘ਚ 17 ਨਵੰਬਰ ਨੂੰ, ਰਾਜਸਥਾਨ ਵਿਚ 23 ਨਵੰਬਰ, ਛੱਤੀਸਗੜ੍ਹ ‘ਚ 7 ਨਵੰਬਰ ਤੇ 17 ਨਵੰਬਰ ਨੂੰ 2 ਪੜ੍ਹਾਵਾਂ ‘ਚ, ਮਿਜ਼ੋਰਮ ‘ਚ 7 ਨਵੰਬਰ ਅਤੇ ਤੇਲੰਗਾਨਾ ‘ਚ 30 ਨਵੰਬਰ ਨੂੰ ਵੋਟਾਂ ਪੈਣਗੀਆਂ।

ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ 5 ਰਾਜਾਂ ਦੇ 16.14 ਕਰੋੜ ਵੋਟਰ ਆਪਣੀ ਵੋਟ ਪਾਉਣਗੇ। 5 ਰਾਜਾਂ ਦੀਆਂ 679 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣਗੀਆਂ। ਸਾਰੀਆਂ ਸਿਆਸੀ ਪਾਰਟੀਆਂ ਤੋਂ ਸੁਝਾਅ ਲਏ ਗਏ ਹਨ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ 17 ਅਕਤੂਬਰ ਤੋਂ 30 ਨਵੰਬਰ ਤਕ ਪੂਰੇ ਦੇਸ਼ ਵਿਚ ਜੇਕਰ ਕੋਈ ਵੋਟਰ ਸੂਚੀ ‘ਚ ਕੋਈ ਬਦਲਾਅ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਮਿਜ਼ੋਰਮ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਵਿਚ 8.2 ਕਰੋੜ ਪੁਰਸ਼ ਵੋਟਰ, 7.8 ਕਰੋੜ ਮਹਿਲਾ ਵੋਟਰ ਅਤੇ 60.2 ਲੱਖ ਪਹਿਲੀ ਵਾਰ ਵੋਟਰ ਹੋਣਗੇ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨਾਲ ਆਬਜ਼ਰਵਰਾਂ ਦੀ ਮੀਟਿੰਗ ਕੀਤੀ।

ਮਿਜ਼ੋਰਮ ਵਿਧਾਨ ਸਭਾ ਦਾ ਕਾਰਜਕਾਲ ਇਸ ਸਾਲ 17 ਦਸੰਬਰ ਨੂੰ ਖਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਤੇਲੰਗਾਨਾ, ਰਾਜਸਥਾਨ, ਛੱਤੀਸਗੜ੍ਹ ਤੇ ਰਾਜਸਥਾਨ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਅਗਲੇ ਸਾਲ ਜਨਵਰੀ ‘ਚ ਖਤਮ ਹੋ ਜਾਵੇਗਾ। ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਨਿਰਪੱਖ, ਪਾਰਦਰਸ਼ੀ ਅਤੇ ਲਾਲਚ ਰਹਿਤ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਚੋਣਾਂ ਵਿਚ ਪੈਸੇ ਦੀ ਤਾਕਤ ਅਤੇ ਮੁਫਤ ਦੀਆਂ ਚੀਜ਼ਾਂ ਕਮਿਸ਼ਨ ਦੇ ਰਡਾਰ ‘ਤੇ ਰਹਿਣਗੀਆਂ।