ਮੋਗਾ, 21 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਮਾਮਲਾ ਆਨਰ ਕਿਲਿੰਗ ਦਾ ਦੱਸਿਆ ਜਾ ਰਿਹਾ ਹੈ। ਧੀ ਨੂੰ ਪਿਓ ਨੇ ਮਾਰ ਕੇ ਗੰਦੇ ਨਾਲੇ ‘ਚ ਸੁੱਟ ਦਿੱਤਾ। ਘਰ ਦੇ ਨੇੜੇ ਲਾਸ਼ ਮਿਲੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਤਾਰੇਵਾਲਾ ਵਿਚ ਮੰਗਲਵਾਰ ਸ਼ਾਮ ਨੂੰ ਗੰਦੇ ਨਾਲੇ ਵਿਚੋਂ ਮਿਲੀ ਲੜਕੀ ਦੀ ਲਾਸ਼ ਦੀ ਪੁਲਿਸ ਨੇ ਸ਼ਨਾਖਤ ਕਰ ਲਈ ਹੈ। ਲੜਕੀ ਇਸੇ ਪਿੰਡ ਦੀ ਵਸਨੀਕ ਹੈ ਅਤੇ ਉਸ ਦੇ ਪਿਤਾ ਬਲਦੇਵ ਸਿੰਘ ਨੇ ਉਸ ਦੇ ਚਰਿੱਤਰ ’ਤੇ ਸ਼ੱਕ ਦੇ ਚੱਲਦਿਆਂ ਉਸ ਦਾ ਕਤਲ ਕਰਕੇ ਉਸ ਦੇ ਹੱਥ-ਪੈਰ ਬੰਨ੍ਹ ਕੇ ਲਾਸ਼ ਨਾਲੇ ਵਿਚ ਸੁੱਟ ਦਿੱਤੀ ਸੀ।
ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਕੁਝ ਦਿਨ ਪਹਿਲਾਂ ਥਾਣੇ ਵਿਚ ਆਪਣੀ ਧੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤ ‘ਚ ਦੋਸ਼ੀ ਪਿਤਾ ਨੇ ਕਿਹਾ ਸੀ ਕਿ ਬੇਟੀ ਕੰਮ ਲਈ ਘਰੋਂ ਗਈ ਸੀ ਪਰ ਘਰ ਵਾਪਸ ਨਹੀਂ ਆਈ। ਚੜਿੱਕ ਥਾਣਾ ਇੰਚਾਰਜ ਪੂਰਨ ਸਿੰਘ ਨੇ ਦੱਸਿਆ ਕਿ ਲਾਸ਼ ਦੀ ਪਛਾਣ ਰਮਨਦੀਪ ਕੌਰ (23) ਵਾਸੀ ਪਿੰਡ ਤਾਰੇਵਾਲਾ ਵਜੋਂ ਹੋਈ ਹੈ।
11 ਸਤੰਬਰ ਨੂੰ ਲਾਪਤਾ ਹੋਏ ਰਮਨਦੀਪ ਦੇ ਪਿਤਾ ਨੇ 16 ਸਤੰਬਰ ਨੂੰ ਆਪਣੀ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਹ ਕੰਮ ‘ਤੇ ਜਾਣ ਤੋਂ ਬਾਅਦ ਘਰ ਵਾਪਸ ਨਹੀਂ ਆਈ ਸੀ। ਬੇਟੀ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਉਹ ਕਿਸੇ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦਾ। ਲਾਸ਼ ਮਿਲਣ ਤੋਂ ਬਾਅਦ ਪਿਤਾ ਦੀਆਂ ਗੱਲਾਂ ‘ਤੇ ਸ਼ੱਕ ਹੋਇਆ ਕਿਉਂਕਿ ਲੜਕੀ ਦੀ ਲਾਸ਼ ਘਰ ਤੋਂ 200 ਮੀਟਰ ਦੂਰ ਮਿਲੀ ਸੀ ਅਤੇ ਉਹ ਕੰਮ ਲਈ 2 ਕਿਲੋਮੀਟਰ ਦੂਰ ਜਾਂਦੀ ਸੀ।
ਸ਼ੱਕ ਹੋਣ ‘ਤੇ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੀ ਲੜਕੀ ‘ਤੇ ਸ਼ੱਕ ਸੀ, ਜਿਸ ਦੇ ਚੱਲਦਿਆਂ ਉਸ ਨੇ ਧੀ ਦਾ ਕਤਲ ਕਰ ਦਿੱਤਾ। ਐਸਪੀ ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਤਾ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।