ਚੰਡੀਗੜ੍ਹ | ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨੀ ਅੱਤਵਾਦੀ ਸਰਗਰਮ ਹਨ। ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਨੂੰ ਇਕ ਵੱਡੀ ਅੱਤਵਾਦੀ ਹਮਲੇ ਦੀ ਇਨਪੁਟ ਮਿਲੀ ਹੈ ਕਿ ਖਾਲਿਸਤਾਨੀ ਅੱਤਵਾਦੀ ਅਰਸ਼ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਪੰਜਾਬ ਵਿੱਚ ਵੱਡੇ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਸਕਦਾ ਹੈ। ਅੱਤਵਾਦੀ ਅਰਸ਼ ਡੱਲਾ ਨੇ 6 ਜੂਨ ਤੋਂ ਪਹਿਲਾਂ ਪੰਜਾਬ ਦੇ ਸਾਰੇ ਵੱਡੇ ਸਰਕਾਰੀ ਦਫਤਰਾਂ ਅਤੇ ਇਮਾਰਤਾਂ ‘ਤੇ ਖਾਲਿਸਤਾਨੀ ਝੰਡੇ ਲਗਾਉਣ ਦੀ ਯੋਜਨਾ ਬਣਾਈ ਹੈ।

ਇਸ ਅਲਰਟ ‘ਚ ਕਿਹਾ ਗਿਆ ਹੈ ਕਿ 6 ਜੂਨ ਤੋਂ ਪਹਿਲਾਂ ਅਰਸ਼ ਡੱਲਾ ਪੰਜਾਬ ‘ਚ ਕੋਈ ਵੱਡੀ ਅੱਤਵਾਦੀ ਵਾਰਦਾਤ ਕਰ ਸਕਦਾ ਹੈ ਅਤੇ ਉਸ ਨੇ ਆਪਣੇ ਸਰਪ੍ਰਸਤਾਂ ਅਤੇ ਗੈਂਗਸਟਰਾਂ ਨੂੰ ਕਿਹਾ ਹੈ ਕਿ 6 ਜੂਨ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਕੀਤਾ ਜਾਵੇ ਅਤੇ ਸਰਕਾਰੀ ਇਮਾਰਤਾਂ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇ। ਅਲਰਟ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਖੁਫੀਆ ਵਿਭਾਗ ਚੌਕਸ ਹੈ। ਖਾਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਸਾਲ ਜਨਵਰੀ ਮਹੀਨੇ ਵਿੱਚ ਗ੍ਰਹਿ ਮੰਤਰਾਲੇ ਨੇ ਯੂਏਪੀਏ ਤਹਿਤ ਅਰਸ਼ਦੀਪ ਸਿੰਘ ਉਰਫ਼ ਅਰਸ਼ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਅਰਸ਼ ਡੱਲਾ ਮੂਲ ਰੂਪ ਵਿਚ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਕੈਨੇਡਾ ਵਿਚ ਰਹਿੰਦਾ ਹੈ। ਇਸ ਦਾ ਸਬੰਧ ਖਾਲਿਸਤਾਨ ਟਾਈਗਰ ਫੋਰਸ ਨਾਲ ਹੈ। ਅਰਸ਼ਦੀਪ ਸਿੰਘ ਖ਼ਿਲਾਫ਼ ਪੰਜਾਬ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਅਰਸ਼ ਡੱਲਾ ਨੂੰ ਮੋਸਟ ਵਾਂਟੇਡ ਅਪਰਾਧੀ ਐਲਾਨਿਆ ਹੈ। ਉਸ ਖਿਲਾਫ ਕਤਲ, ਅਗਵਾ ਅਤੇ ਲੁੱਟ-ਖੋਹ ਦੇ ਦਰਜਨਾਂ ਮਾਮਲੇ ਦਰਜ ਹਨ। ਅਰਸ਼ ਪੁਲਿਸ ਤੋਂ ਬਚਣ ਲਈ ਕੈਨੇਡਾ ਭੱਜ ਗਿਆ।