ਬਠਿੰਡਾ, 4 ਨਵੰਬਰ | ਪਿੰਡ ਬੁਰਜ ਮਹਿਮਾ ਦੇ ਖੇਤਾਂ ਅੰਦਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਸਰਕਾਰੀ ਮੁਲਾਜ਼ਮਾਂ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਸਰਕਾਰੀ ਅਧਿਕਾਰੀਆਂ ਦੀ ਟੀਮ ਤੋਂ ਹੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਵਾਈ।

CM ਮਾਨ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ਼ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ, ਪਿਆਰੇ ਪੰਜਾਬੀਓ ਆਹ ਕਿਹੜੇ ਰਾਹਾਂ ‘ਤੇ ਤੁਰ ਪਏ ?? ਸਰਕਾਰੀ ਕਰਮਚਾਰੀ ਪਰਾਲ਼ੀ ਨਾ ਸਾੜਨ ਦਾ ਸੰਦੇਸ਼ ਲੈ ਕੇ ਗਿਆ ਪਰ ਉਸ ਤੋਂ ਹੀ ਅੱਗ ਲਗਵਾਈ। ਹਵਾ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਦਾ ਦਰਜਾ ਦਿੱਤਾ। ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ ‘ਚ ਤੀਲੀਆਂ ਲੈ ਕੇ ਅਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਨੂੰ ਖਤਮ ਕਰਨ ਲੱਗੇ ਹਾਂ…ਪਰਚਾ ਦਰਜ ਹੋਣ ਲੱਗਾ ਹੈ।

ਘਟਨਾ ਪਿੰਡ ਨੇਹੀਆਂਵਾਲਾ ਦੀ ਹੈ। ਪੰਜਾਬ ਭਰ ਵਿਚ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਡੀਸੀ ਦਫ਼ਤਰ ਦੀ ਟੀਮ ਪਿੰਡ ਨੇਹੀਆਂਵਾਲਾ ਪਹੁੰਚੀ। ਸਰਕਾਰੀ ਅਧਿਕਾਰੀ ਨੂੰ ਦੇਖ ਕੇ ਕਿਸਾਨ ਇਕੱਠੇ ਹੋ ਗਏ ਅਤੇ ਟੀਮ ਨੂੰ ਘੇਰ ਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਅਧਿਕਾਰੀ ਅਤੇ ਟੀਮ ਨੂੰ ਜਾਣ ਨਹੀਂ ਦਿੱਤਾ।