ਚੰਡੀਗੜ੍ਹ, 13 ਫਰਵਰੀ | ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ ਨੇ ਅੱਜ ਪਾਰਟੀ ਨਾਲੋਂ ਨਾਤਾ ਤੋੜ ਲਿਆ ਹੈ। ਜਾਣਕਾਰੀ ਅਨੁਸਾਰ, ਬਸਪਾ ਲੀਡਰਸ਼ਿਪ ਨੇ ਵਰਕਰਾਂ ਨੂੰ ਅਕਾਲੀ ਆਗੂਆਂ ਤੋਂ ਦੂਰੀ ਬਣਾਉਣ ਲਈ ਕਿਹਾ ਹੈ। ਅੰਬੇਡਕਰ ਭਵਨ ਚੰਡੀਗੜ੍ਹ ਵਿਖੇ ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ਵਿਚ ਸੂਬਾ ਪੱਧਰੀ ਬਹੁਜਨ ਸਮਾਜ ਪਾਰਟੀ ਕਮੇਟੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਵਿਚ ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ ਹਰਿਆਣਾ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 4 ਘੰਟੇ ਚੱਲੀ ਮੈਰਾਥਨ ਬ੍ਰੇਨਸਟਾਰਮਿੰਗ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ​​ਰਿਹਾ ਹੈ। BJP ਜੋ ਦਲਿਤਾਂ, ਪਛੜੀਆਂ, ਘੱਟ ਗਿਣਤੀਆਂ ਅਤੇ ਕਿਸਾਨਾਂ ਨੂੰ ਕੁਚਲਣ ਲਈ ਗੈਰ-ਸੰਵਿਧਾਨਕ ਨੀਤੀਆਂ ਬਣਾ ਕੇ ਭਾਰਤੀ ਸੰਵਿਧਾਨ ਨੂੰ ਬਦਲਣ ਦਾ ਕੰਮ ਕਰ ਰਹੀ ਹੈ। ਬਹੁਜਨ ਸਮਾਜ ਪਾਰਟੀ ਕਦੇ ਵੀ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਜਾ ਸਕਦੀ ਕਿਉਂਕਿ ਜਿਥੇ ਭਾਰਤੀ ਜਨਤਾ ਪਾਰਟੀ ਲਗਾਤਾਰ ਭਾਰਤੀ ਸੰਵਿਧਾਨ ਨੂੰ ਬਦਲਣ ਦਾ ਕੰਮ ਕਰ ਰਹੀ ਹੈ, ਉਥੇ ਪੰਜਾਬ ਦਾ ਮੁੱਦਾ ਫਿਰਕੂ ਮੁੱਦੇ, ਕਿਸਾਨੀ ਮੁੱਦੇ, ਬੰਦੀ ਸਿੰਘਾਂ ਦੇ ਮੁੱਦੇ, ਭਾਰਤੀ ਸੰਵਿਧਾਨ ਨੂੰ ਬਦਲਣ ਦਾ ਮੁੱਦਾ ਹੈ ਆਦਿ ਪ੍ਰਮੁੱਖ ਹਨ।