ਚੰਡੀਗੜ੍ਹ, 30 ਜਨਵਰੀ| ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਕੇਂਦਰ ਸਰਕਾਰ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ, ਉਹ ਜਲਦ ਹੀ ਆਪਣਾ ਅਹੁਦਾ ਸੰਭਾਲਣਗੇ।

ਜ਼ਿਕਰਯੋਗ ਹੈ ਕਿ ਉਹ ਦੇਸ਼ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਟਵੀਟ ਕਰਕੇ ਕਿਹਾ ਕਿ ਸਤਨਾਮ ਸਿੰਘ ਸੰਧੂ ਜੀ ਦੀ ਰਾਜ ਸਭਾ ਲਈ ਨਾਮਜ਼ਦਗੀ ਦਾ ਸੁਆਗਤ ਕਰਦਾ ਹਾਂ। ਕਮਿਊਨਿਟੀ ਸੇਵਾ ਵਿੱਚ ਉਨ੍ਹਾਂ ਦਾ ਭਰਪੂਰ ਕੰਮ ਅਤੇ ਸਿੱਖਿਆ, ਨਵੀਨਤਾ ਅਤੇ ਸਿੱਖਣ ਪ੍ਰਤੀ ਉਨ੍ਹਾਂ ਦਾ ਜਨੂੰਨ ਰਾਜ ਸਭਾ ਲਈ ਤਾਕਤ ਦਾ ਵੱਡਾ ਸਰੋਤ ਹੋਵੇਗਾ।

ਦੱਸ ਦੇਈਏ ਕਿ ਆਪਣੀ ਸਿੱਖਿਆ ਦੀ ਪ੍ਰਾਪਤੀ ਵਿੱਚ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਖੇਤੀਬਾੜੀ ਵਿਗਿਆਨੀ ਸੰਧੂ ਨੇ ਆਪਣੇ ਜੀਵਨ ਦੇ ਮਿਸ਼ਨ ਨੂੰ ਇੱਕ ਵਿਸ਼ਵ ਪੱਧਰੀ ਵਿਦਿਅਕ ਸੰਸਥਾ ਦੀ ਸਥਾਪਨਾ ਵਿੱਚ ਬਦਲ ਦਿੱਤਾ।

ਸੰਧੂ ਨੇ 2001 ਵਿੱਚ ਲਾਂਡਰਾਂ, ਮੋਹਾਲੀ ਵਿੱਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਦੀ ਨੀਂਹ ਰੱਖੀ ਅਤੇ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦੇ ਨਾਲ ਇੱਕ ਮਹੱਤਵਪੂਰਨ ਉਛਾਲ ਆਇਆ। ਯੂਨੀਵਰਸਿਟੀ ਨੇ ਏਸ਼ੀਆ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ QS ਵਿਸ਼ਵ ਰੈਂਕਿੰਗਜ਼ 2023 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।