ਅੰਮ੍ਰਿਤਸਰ, 7 ਨਵੰਬਰ | ਸ੍ਰੀ ਹਰਿਮੰਦਰ ਸਾਹਿਬ ‘ਚ ਸਥਿਤ ਬਾਬਾ ਅਟਲ ਰਾਏ ਜੀ ਗੁਰਦੁਆਰਾ ਸਾਹਿਬ ਦੀ ਉਪਰਲੀ 7ਵੀਂ ਮੰਜ਼ਿਲ ਤੋਂ ਇਕ ਔਰਤ ਨੇ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਵੱਲੋਂ ਔਰਤ ਬਾਰੇ ਜਾਣਕਾਰੀ ਲਈ ਜਾ ਰਹੀ ਹੈ।

ਅੱਜ ਸਵੇਰੇ ਇੱਕ ਔਰਤ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਸੀ। ਉਸ ਨੇ ਮਥਾ ਟੇਕਿਆ ਜਾਂ ਨਹੀਂ, ਪਤਾ ਨਹੀਂ ਪਰ ਉਸ ਤੋਂ ਬਾਅਦ ਕਰੀਬ ਸਾਢੇ 9 ਵਜੇ ਉਹ ਉਸੇ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹ ਗਈ। ਜਿੱਥੋਂ ਉਸ ਨੇ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਬਾਅਦ ਜਿਵੇਂ ਹੀ ਔਰਤ ਹੇਠਾਂ ਡਿੱਗੀ ਤਾਂ ਉਸ ਦਾ ਖੂਨ ਵਹਿਣ ਲੱਗਾ। ਔਰਤ ਦੇ ਹੇਠਾਂ ਡਿੱਗਦੇ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ।

ਔਰਤ ਦੀ ਮੌਤ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਔਰਤ ਦੀ ਲਾਸ਼ ਦੀ ਜਾਂਚ ਕੀਤੀ ਅਤੇ ਉਸ ਨੂੰ ਕਬਜ਼ੇ ‘ਚ ਲੈ ਲਿਆ।

ਪੁਲਿਸ ਮੁਤਾਬਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਕਿੱਥੋਂ ਆਈ ਸੀ ਅਤੇ ਕੀ ਉਹ ਇਕੱਲੀ ਸੀ ਜਾਂ ਕੋਈ ਉਸ ਦੇ ਨਾਲ ਸੀ, ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਪਛਾਣ ਲਈ ਮੁਰਦਾਘਰ ‘ਚ ਰੱਖਿਆ ਜਾਵੇਗਾ। ਇਸ ਦੌਰਾਨ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਜਾਵੇਗੀ ਤਾਂ ਜੋ ਔਰਤ ਬਾਰੇ ਜਾਣਕਾਰੀ ਮਿਲ ਸਕੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)